ਤੇਰੇ ਕੋਲੋਂ ਸੱਜਣਾ ਕਾਹਦੇ ਉਹਲੇ ਨੇ

ਤੇਰੇ ਕੋਲੋਂ ਸੱਜਣਾ ਕਾਹਦੇ ਉਹਲੇ ਨੇ
ਮੇਰੇ ਕੋਲ ਤੇ ਅੱਜ ਵੀ ਦਰਦ ਭੜੋਲੇ ਨੇ

ਨੇਰੇ੍ਹ ਘਰ ਵਿਚ ਕਿਹੜਾ ਦੀਵਾ ਬਾਲ ਗਿਆ
ਕੀਹਨੇ ਆ ਕੇ ਚਾਨਣ ਬੂਹੇ ਖੋਲ੍ਹੇ ਨੇ

ਮੇਰਿਆਂ ਖ਼ਾਬਾਂ ਦੇ ਵਿਚ ਬੇਲਾ ਵਸਦਾ ਏ
ਕੰਨਾਂ ਦੇ ਵਿਚ ਵੱਜਦੇ ਅੱਜ ਵੀ ਢੋਲੇ ਨੇ

ਵੇਲੇ ਭਾਵੇਂ ਕਿੰਨੀ ਔਕੜ ਦਿੱਤੀ ਏ
ਮੇਰੇ ਪੈਰ ਨਾ ਧਰਤੀ ਉੱਤੇ ਡੋਲੇ ਨੇ

ਅੱਜ ਵੀ ਗੋਰੀ ਤੋੜੇ ਕੱਚ ਦੀ ਚੂੜੀ ਨੂੰ
ਬਾਰੀ ਦੇ ਵਿਚ ਰੱਖੇ ਰੀਝ-ਪਟੋਲੇ ਨੇ

ਅਚਣਚੇਤੇ ਉਹਦੀਆਂ ਯਾਦਾਂ ਆ ਗਈਆਂ
ਹਸ ਕੇ ਮਿਲਣੀ ਕਰ ਲਈ 'ਅਕਰਮ' ਭੋਲੇ ਨੇ