ਉਹ ਆ ਰਿਹਾ ਹੈ
ਉਹ ਆਵੇਗਾ
ਉਸ ਦੇ ਹੱਥ ਬੰਦੂਕ ਹੋਵੇਗੀ
ਜਿਸ ਨੂੰ ਉਹ ਮਧੁਰ-ਰਾਗਣੀਆਂ ਦਾ ਸਾਜ਼ ਕਹਿੰਦਾ ਹੈ

ਜਲਾਵਤਨ ਬੋਲਾਂ ਨੂੰ ਉਨ੍ਹਾਂ ਦਾ ਵਤਨ ਮਿਲੇਗਾ
ਇੱਕ ਨਹੀਂ
ਦੋ ਨਹੀਂ
ਕਿੰਨੇ ਹੀ ਵਿਅਤਨਾਮਾਂ ਵਿੱਚ

ਇਹ ਗੱਲ
ਅੱਜ ਰਾਤ ਬੌਣੇ ਚੰਨ ਨੇ
ਥੱਕੀ ਹੋਈ ਪਾਇਲ ਨੂੰ ਦੱਸੀ
ਇਸ ਵਿਸ਼ਵਾਸ ਨਾਲ਼-
ਕਿ ਉਹ ਉੱਚੀਆਂ ਚਿਮਨੀਆਂ ਨੂੰ ਬੌਣਾ ਕਰ ਕੇ ਛੱਡੇਗਾ
ਕਿ ਉਸ ਦੀ ਪੈਛੜ ਇਹ ਸੁਨੇਹਾ ਲੈ ਕੇ
ਉਸ ਦੇ ਰਿਸ਼ਮਈ ਕੰਨਾਂ ਤੱਕ ਖ਼ੁਦ ਚਲ ਕੇ ਆਈ ਹੈ
ਕਿ ਉਹ ਫਰਿਸ਼ਤਾ ਉਸ ਪੜਾਅ 'ਤੇ ਹੈ
ਜਿੱਥੋਂ ਨਜ਼ਰ ਦੱਸ ਨਹੀਂ ਸਕਦੀ
ਕਿ ਕੋਈ ਆਉਂਦਾ ਹੈ ਜਾਂ ਜਾਂਦਾ ਹੈ
ਤੇ ਕਿਸੇ ਦੀ ਆਮਦ ਦਾ ਭਰਮ
ਬਣਦਾ ਤੇ ਟੁੱਟਦਾ ਹੈ

(ਤਾਂ) ਪਾਇਲ 'ਚ ਛਣਕਦੀਆਂ
ਉੱਲੂ ਦੀਆਂ ਅੱਖਾਂ ਨੇ
ਝਟ ਉਸ ਬਾਜ਼ ਦਾ ਸੁਪਨਾ ਚਿਤਵਿਆ
ਜਿਸ ਦੇ ਇੱਕ ਹੱਥ ਤੀਰਾਂ ਦਾ ਗੁੱਛਾ ਹੈ
ਇੱਕ ਹੱਥ ਹਰੀ-ਕਚੂਚ ਕਿਸੇ ਰੁੱਖ ਦੀ ਟਾਹਣੀ
ਤੇ ਜਿਸ ਦੇ ਪਰਾਂ ਤੇ ਜੜੇ ਹੋਏ ਪੰਜਾਹ ਸਿਤਾਰੇ

ਪਰ ਅਸੀਂ
ਜੋ ਉਸ ਦੀ ਪੈੜ ਦੀ ਮਿੱਟੀ 'ਚੋਂ ਉੱਗੇ ਫੁੱਲ ਹਾਂ
ਉਹਦਾ ਇੰਤਜ਼ਾਰ ਭੁੱਲ ਬੈਠੇ
ਤੇ ਬਾਦਬਾਨਾਂ 'ਤੇ ਖ਼ੁਦ ਲਿਖਕੇ ਅੱਖਰ
ਸੋਨੇ ਦੇ ਤੋਤੇ ਪਾਸੋਂ
ਇਹ ਅਖਵਾਉਂਦੇ ਰਹੇ :
"ਸਮੁੰਦਰ ਨੱਚ ਰਿਹਾ ਹੈ,
ਇਹਦੇ ਵਿੱਚ ਛਾਲ ਨਾ ਮਾਰੋ।"

ਸਾਥੋਂ ਚੋਰੀ
ਤੋਤੇ ਨੇ ਕਈ ਵਾਰ ਲਹਿਰਾਂ ਤੋਂ ਪੁੱਛਿਆ :
ਮੁਰਗਾਬੀਆਂ ਨੂੰ ਕਿਸੇ ਨੇ ਤਰਨਾ ਸਿਖਾਇਆ ਹੈ?
ਲਹਿਰਾਂ ਹੱਸਦੀਆਂ ਤੇ ਦੱਸਦੀਆਂ :
ਮੁਰਗਾਬੀਆਂ ਨੂੰ ਕਿਸ ਤਰਨਾ ਸਿਖਾਇਆ ਹੈ?

ਉਹ ਆਵੇਗਾ
ਭਵਿੱਖ ਸਾਡੇ ਕਦਮਾਂ 'ਚ ਹੋਵੇਗਾ
ਸਰਫਰੋਸ਼ੀ ਦੀ ਤਮੰਨਾ
ਅਗਾਂਹ ਤੁਰੇਗੀ…
(ਮਈ ੧੯੬੯-'ਕੌਣ ਨਹੀਂ ਚਾਹੇਗਾ ਵਿੱਚੋਂ')