ਕੀ ਪੁੱਛਦਾ ਏਂ ਕਿਸਰਾਂ ਲੰਘੀ ਹਿਜਰ ਦੀ ਪਹਿਲੀ ਰਾਤ

ਕੀ ਪੁੱਛਦਾ ਏਂ ਕਿਸਰਾਂ ਲੰਘੀ ਹਿਜਰ ਦੀ ਪਹਿਲੀ ਰਾਤ
ਜਾਗਦਿਆਂ ਅੱਖਾਂ ਦੇ ਅੰਦਰ ਠਹਿਰ ਗਈ ਸੀ ਰਾਤ

ਸੂਰਜ ਚੜ੍ਹਿਆ ਤੇ ਇਕ-ਦੂਜੇ ਕੋਲੋਂ ਲੁਕਦੇ ਫਿਰੀਏ
ਸਭ ਦੇ ਚਿਹਰਿਆਂ ਉੱਤੇ ਆਪਣੀ ਕਾਲਖ ਮਲ ਗਈ ਰਾਤ

ਦੋਹਾਂ ਦੇ ਦਿਲ ਭਰ ਗਏ ਇਹੋ ਸੋਚਦਿਆਂ ਉੱਠਦੇ ਸਾਰ
ਖ਼ਵਰੇ ਫੇਰ ਕਦੇ ਨਾ ਆਵੇ ਐਨੀ ਚੰਗੀ ਰਾਤ

ਮੈਂ ਕੀ ਕਹਿੰਦਾ ਬਸ ਚੁੱਪ ਕਰਕੇ ਨੀਵੀਂ ਪਾਈ ਰੱਖੀ
ਘਰ ਦੇ ਪੁੱਛ-ਪੁੱਛ ਥੱਕੇ ਕਿੱਥੇ ਰਿਹਾ ਏਂ ਸਾਰੀ ਰਾਤ

ਹੋਰ ਭਲਾ ਕੀ ਹੋਣਾ 'ਅੰਜੁਮ' ਇਸ ਤੋਂ ਚੰਗਾ ਮੰਜ਼ਰ
ਵਗਦੀ ਨਹਿਰ ਦਾ ਕੰਢਾ ਉੱਤੋਂ ਪੂਰੀ ਚੰਨ ਦੀ ਰਾਤ