ਵਊ ਵਊ ਵਊ
ਮਾਲਕਾ ਵਊ ਵਊ ਵਊ
ਤੂੰ ਸਾਨੂੰ ਦੁਰ ਦੁਰ ਆਖੇਂ
ਅਸੀਂ ਫੇਰ ਵੀ ਕਹੀਏ ਵਊ
ਮਾਲਕਾ ਵਊ ਵਊ ਵਊ

ਦੌਲਤ ਤੇਰੀ ਦੁਸ਼ਮਨ ਹੈ
ਪਰ ਤੈਨੂੰ ਸੱਜਣ ਜਾਪੇ
ਦੌਲਤ ਤੇਰੇ ਬੀਵੀ ਬੱਚੇ
ਦੌਲਤ ਤੇਰੇ ਮਾਪੇ
ਤੇਰੇ ਮੂੰਹ ਨੂੰ ਲੱਗਿਆ
ਤੇਰੇ ਆਪਣਿਆਂ ਦਾ ਲਹੂ
ਮਾਲਕਾ ਵਊ ਵਊ ਵਊ

ਕਿਸੇ ਨੇ ਤੇਰੇ ਵਿਹੜੇ ਪੈਰ ਨਹੀਂ ਪਾਉਣਾ
ਸੱਦੇ ਘੱਲਿਆਂ
ਤੈਨੂੰ ਤੇਰੀ ਮਗ਼ਰੂਰੀ ਨੇ
ਕਰ ਛੱਡਿਆ ਏ ਕੱਲਿਆਂ
ਏਹੋ ਤੇਰੇ ਚਾਲੇ ਰਹੇ ਤੇ
ਕਿਹੜਾ ਏਥੇ ਰਹੂ
ਮਾਲਕਾ ਵਊ ਵਊ ਵਊ

ਤੈਨੂੰ ਤੇਰਾ ਰਿਜ਼ਕ ਮੁਬਾਰਕ
ਹੁਣ ਨਈਂ ਖਾਣਾ ਜੂਠਾ
ਐਸੇ ਲਈ ਤੇ ਭੰਨ ਦਿੱਤਾ ਏ
ਅਸਾਂ ਵੀ ਆਪਣਾ ਠੂਠਾ
ਜਿਹੜਾ ਤੈਨੂੰ ਦੇਂਦਾ ਏ, ਉਹ
ਸਾਨੂੰ ਵੀ ਤੇ ਦਊ
ਮਾਲਕਾ ਵਊ ਵਊ ਵਊ