ਚੁੰਮ-ਚੁੰਮ ਸੀਨੇ ਸਾਂਭੀ ਜਾਵਾਂ ਜਿਸ ਦਾ ਮਿਲੇ ਵਿਸਾਲ

ਚੁੰਮ-ਚੁੰਮ ਸੀਨੇ ਸਾਂਭੀ ਜਾਵਾਂ ਜਿਸ ਦਾ ਮਿਲੇ ਵਿਸਾਲ
ਮੌਜਾਂ ਮਾਨਣ ਵਾਲੀ ਉਮਰ ਤੇ ਰਹਿ ਗਈ ਥੋੜੇ ਸਾਲ

ਦਿਲ ਵਿਚ ਪੁੱਟੀ ਬੈਠਾ ਹਾਂ ਕੁੱਝ ਨਿੱਕੀਆਂ ਵੱਡੀਆਂ ਕਬਰਾਂ
ਸੱਧਰਾਂ ਨੂੰ ਦਫ਼ਨਾਈ ਜਾਨਾਂ ਵਾਂ ਮੈਂ ਨਾਲੋ-ਨਾਲ

ਪਹਿਲਾਂ ਈ ਬਹੁਤ ਏ ਮੇਰੇ ਅੰਦਰ ਸਾਵੇ ਜ਼ਹਿਰ ਦਾ ਕਹਿਰ
ਉੱਤੋਂ ਹੋਰ ਵੀ ਪੁੰਗਰ ਪਈਆਂ ਵੇਲਾਂ ਆਲ-ਦਵਾਲ

ਸੁੱਤਿਆਂ ਕੰਨੀ ਪੈ ਗਈ ਕਿਧਰੇ ਦੂਰੋਂ ਢੋਲ ਦੀ ਵਾਜ
ਅੱਖਾਂ ਮਲਦੀ ਜਾਗ ਪਈ ਏ ਪਿੰਡੇ ਵਿੱਚ ਧਮਾਲ

ਅੰਜੁਮ ਜਿਹੜੇ ਲਹੂ ਨੇ ਤੇਰੇ ਅੱਤ ਮਚਾਈ ਹੋਈ
ਉਸੇ ਲਹੂ ਨਾਲ ਅੰਦਰੋਂ ਆਪਣੇ ਜੁੱਸੇ ਨੂੰ ਹੰਘਾਲ