ਖ਼ਿਆਲ ਮਰਦੇ ਨਈਂ ਹੁੰਦੇ

ਨੀ ਕੁੜੇ--!
ਠੰਢੀ ਅੱਗ ਦਾ ਕੌੜਾ ਘੁੱਟ ਭਰ
ਤੇ ਮੱਥੇ ਤੇ ਖਿੜੀ ਤੀਜੀ ਅੱਖ ਨਾਲ
ਬੁੱਤ ਬਣੇ ਵੇਲੇ ਨੂੰ ਘੂਰੀ ਵੱਟ
ਐਵੇਂ ਰੱਸੇ ਕਿਉਂ ਵੱਟਦੀ ਰਹਿਨੀ ਏਂ ?

ਖ਼ਿਆਲ ਮਰਦੇ ਨਈਂ ਹੁੰਦੇ
ਕੋਈ ਅੱਖ ਏ
ਜੋ ਤੇਰੇ ਖ਼ਿਆਲ ਪੜ੍ਹ ਲੈਂਦੀ ਏ
ਕੋਈ ਖ਼ਿਆਲ ਏ
ਜੋ ਆਪਣਾ ਜੋੜਾ ਲੱਭ ਲੈਂਦਾ ਏ

ਦੋ ਖ਼ਿਆਲਾਂ ਦੇ ਜੋੜੇ ਨੇ
ਇਕ ਨਵਾਂ ਖ਼ਿਆਲ ਜਨਮਿਆ ਏ
ਜਿਹਦਾ ਅਜੇ ਕੋਈ ਨਾਮ ਨਈਂ ਰੱਖਿਆ ਗਿਆ
ਕਿਵੇਂ ਰੱਖਦੇ ?
ਪਿਓ ਦੇ ਖ਼ਾਨੇ ਵਿਚ
ਮਾਂ ਦਾ ਨਾਮ ਕੌਣ ਕਬੂਲਦਾ ?
ਜਿਸ ਸੱਚ ਨੂੰ ਸਮੇਂ ਦੀ ਕੁੱਖ ਨਾ ਸਾਂਭ ਸਕੀ
ਉਹਨੂੰ ਝੂਠ ਦਾ ਪੰਘੂੜਾ ਕੌਣ ਝੂਟਣ ਦੇਂਦਾ ?
ਉਹ ਜ਼ਹਿਰ ਦਾ ਸਵਾਦ ਕੀ ਦੱਸੇ ?

ਖ਼ਿਆਲ ਮਰਦੇ ਨਈਂ ਹੁੰਦੇ
ਬਸ ਲਫ਼ਜ਼ਾਂ ਦੀਆਂ ਕਬਰਾਂ ਵਿਚ
ਅੱਧ ਮੋਏ ਪਏ ਸਹਿਕਦੇ ਰਹਿੰਦੇ ਹਨ
ਕਿਸੇ ਸੂਲੀ ਦਾ ਫਾਹ
ਉਨ੍ਹਾਂ ਦੇ ਗਲ ਵਿਚ ਪੂਰਾ ਨਈਂ ਆਉਂਦਾ
ਤੂੰ ਐਵੇਂ ਰੱਸੇ ਕਿਉਂ ਵੱਟਦੀ ਰਹਿਨੀ ਏਂ ?