ਖੜ੍ਹਿਆਂ ਪਾਣੀਆਂ ਉੱਤੇ ਮੇਰੀਆਂ ਅੱਖਾਂ ਤਰਦੀਆਂ ਰਹੀਆਂ

ਖੜ੍ਹਿਆਂ ਪਾਣੀਆਂ ਉੱਤੇ ਮੇਰੀਆਂ ਅੱਖਾਂ ਤਰਦੀਆਂ ਰਹੀਆਂ
ਮੌਜਾਂ ਦੇ ਸੰਗ ਖੇਡੇ ਪੈ ਕੇ ਮੌਜਾਂ ਕਰਦੀਆਂ ਰਹੀਆਂ

ਜੀਣੋਂ ਮੂਲ ਨਾ ਅੱਕੇ ਵੇਲੇ ਲੱਖ ਗ਼ਲੇਲਾਂ ਕਸੀਆਂ
ਸਮੇਂ ਦੀ ਵਗਦੀ ਨਹਿਰ ਚੋਂ ਆਸਾਂ ਝੱਜਰਾਂ ਭਰਦੀਆਂ ਰਹੀਆਂ

ਪੜ੍ਹ-ਪੜ੍ਹ ਫੂਕਾਂ ਮਾਰਨ ਸ਼ਾਲਾ! ਖ਼ੈਰੀਂ ਮੇਹਰੀਂ ਪਰਤਣ
ਪੁੱਤਰਾਂ ਨੂੰ ਸਫ਼ਰਾਂ ਤੇ ਘੱਲ ਕੇ ਮਾਵਾਂ ਡਰਦੀਆਂ ਰਹੀਆਂ

ਆਸ ਉਮੀਦ ਦੀ ਖੇਤੀ ਇਕ ਦਿਨ ਉੱਕਾ ਬੰਜਰ ਹੋਣੀ
ਜੇ ਰੀਝਾਂ ਦੀਆਂ ਫ਼ਸਲਾਂ ਨੂੰ ਮਾਯੂਸੀਆਂ ਚਰਦੀਆਂ ਰਹੀਆਂ

ਮੇਰੇ ਅੰਦਰ ਦੀ ਰੋਹੀ ਤੇ ਅੱਜ ਫਿਰ ਸੁੱਕੀ ਰਹਿ ਗਈ
ਅੱਜ ਤੇ ਫੇਰ ਘਟਾਵਾਂ ਮੇਰੇ ਬਾਹਰ ਈ ਵਰਦੀਆਂ ਰਹੀਆਂ