ਇਹ ਤੱਕਿਆ ਏ ਜਿਸ ਦਿਨ ਦੀ ਅੱਖ ਖੋਲੀ ਏ

ਇਹ ਤੱਕਿਆ ਏ ਜਿਸ ਦਿਨ ਦੀ ਅੱਖ ਖੋਲੀ ਏ
ਹਰ ਪੰਛੀ ਦੀ ਆਪਣੀ ਆਪਣੀ ਬੋਲੀ ਏ

ਵੰਨ-ਸੁਵੰਨੀਆਂ ਗ਼ਮ ਦੀਆਂ ਲੀਰਾਂ ਲੱਭੀਆਂ ਨੇ
ਜਦ ਵੀ ਪੰਡ ਹਿਆਤੀ ਦੀ ਮੈਂ ਫੋਲੀ ਏ

ਦਿਲ ਦਾ ਹਾਲ ਸੁਨਾਣਾ ਚਾਹਿਆ ਤੇ ਲੱਗਿਆ
ਦੁਨੀਆ ਮੂੰਹੋਂ ਗੁੰਗੀ ਕੰਨੋਂ ਬੋਲੀ ਏ

ਸ਼ਹਿਨਾਈਆਂ ਦੀ ਗੂੰਜ ਏ ਨਾਲੇ ਚੀਕਾਂ ਨੇ
ਵੇਖ ਕਿਸੇ ਦੀ ਮੱਯਤ ਏ ਯਾ ਡੋਲੀ ਏ

ਇੰਜ ਲੱਗਦਾ ਏ ਪੜ੍ਹ ਕੇ ਗ਼ਜ਼ਲਾਂ ਰਾਜ਼ ਦੀਆਂ
ਜਿਉਂ ਬੇਲੇ ਵਿਚ ਹਰਨੀਆਂ ਦੀ ਇਕ ਟੋਲੀ ਏ