ਆ ਸਾਵਣ ਸਿਰ ਤੇ ਗੱਜਿਆ
ਮੇਰਾ ਅਕਲ ਫ਼ਿਕਰ ਸਭ ਭੱਜਿਆ

ਕੇਹੀ ਬਿਜਲੀ ਚਮਕ ਡਰਾਵਣੀ
ਘੱਟ ਉੱਠੀ ਮੀਂਹ ਵਸਾ ਵੰਨੀ

ਮੇਰੇ ਸਿਰ ਤੋਂ ਪਾਣੀ ਚਲਿਆ
ਮੈਂ ਰੋ ਰੋ ਕਾਂਗਾਂ ਚਾੜ੍ਹਦੀ

ਜਿਹੜੇ ਤਾਰੂ ਆਹੇ ਤੁਰ ਗਏ
ਸਿਰ ਦਿਵਸ ਤੱਤੀ ਦੇ ਧੁਰ ਗਏ

ਮੈਂ ਡਰਦੀ ਪੈਰ ਨਾ ਪਾਇਆ
ਮੇਰਾ ਗ਼ਫ਼ਲਤ ਜਿਊ ਡਰਾਇਆ

ਕਦੀ ਬੇੜਾ ਠੇਲ ਮੁਹਾਨਿਆ
ਮੈਂ ਕੰਧੀ ਵੇਖਾਂ ਪਾਰ ਦੀ

ਮੈਨੂੰ ਪਿਆ ਸਮੁੰਦਰ ਝਾਗਣਾ
ਹੁਣ ਮੌਤੋਂ ਕੱਤ ਵੱਲ ਭਾਗਨਾ

ਓਥੇ ਚੱਪਾ ਵੰਝ ਨਾ ਲਗਦਾ
ਜਿਥੇ ਪਾਣੀ ਵਗੇ ਅੱਗ ਦਾ

ਮੈਂ ਡੱਬੀ ਬਹਿਰ ਅਮੀਕ ਵਿਚ
ਜਿਥੇ ਖ਼ਬਰ ਉਰਾਰ ਨਾ ਪਾਰ ਦੀ

ਮੈਂ ਡੁੱਬਦੀ ਲੈਂਦੀ ਹਾ ਵੜੇ
ਮੱਤਾਂ ਖ਼ਿਜ਼ਰ ਕਦਾਈਂ ਬਾਹੂ ੜੇ

ਯਾ ਮਦਦ ਹੋਵੇ ਪੀਰ ਦੀ
ਕਦੀ ਸਣੇ ਦੁਆ ਫ਼ਕੀਰ ਦੀ

ਮੈਨੂੰ ਕੱਢੇ ਬਹਿਰ ਅਮੀਕ ਥੀਂ
ਵੱਸ ਪਾਵੇ ਸ਼ਾਹ ਸਵਾਰ ਦੀ