ਅੱਗੋਂ ਭਾਦਰੋਂ ਸੁਣਿਆ ਆਉਂਦਾ
ਮੇਰਾ ਤਨ ਮਨ ਝੋਰਾ ਖਾਵੰਦਾ

ਇਹ ਛੇਵਾਂ ਮਹੀਨਾ ਆਇਆ
ਕੋਈ ਖ਼ਬਰ ਪੈਗ਼ਾਮ ਨਾ ਪਾਇਆ

ਨਿੱਤ ਮਲ ਮਿਲ਼ ਪੁੱਛਦੀ ਕਾਸਦਾਂ
ਕੋਈ ਚਿੱਠੀ ਬਰਖ਼ੁਰਦਾਰ ਦੀ

ਨਾ ਥੂਹ ਟਿਕਾਣਾ ਕਹਿ ਗਿਆ
ਇੱਕ ਨਾਮ ਦਿਲੇ ਤੇ ਰਹਿ ਗਿਆ

ਮੈਂ ਕਿਸ ਨੂੰ ਪੁੱਛਾਂ ਜਾਈਕੇ
ਨਿੱਤ ਥੱਕੀ ਫ਼ਾਲਾਂ ਪਾਈਕੇ

ਕਾਈ ਬੋਲੇ ਭਾਗ ਸੁਲੱਖਣੀ
ਮੈਂ ਸ਼ਗਨ ਹਮੇਸ਼ ਵਿਚਾਰ ਦੀ

ਜੋ ਕੀਤਾ ਸੀ ਸੋ ਪਾਇਆ
ਸਾਨੂੰ ਅਗਲਾ ਅੰਤ ਨਾ ਆਇਆ

ਰਹੀ ਢੂੰਡ ਕਿਤਾਬਾਂ ਫੋਲ ਕੇ
ਸਭ ਪੋਥੀ ਪੰਡਤ ਖੋਲ ਕੇ

ਉੱਡ ਕਾਂਗਾ ਸੱਜਣ ਆਉਂਦਾ
ਮੈਂ ਥੱਕੀ ਰੋਜ਼ ਉਡਾਰ ਦੀ

ਉਹ ਕਿਹੜੀ ਜ਼ਿਮੀਂ ਸੁਹਾਵਣੀ
ਜਿਥੇ ਪਿਆਰੇ ਪਾਈ ਛਾਵਣੀ

ਪਰ ਸਾਨੂੰ ਮਨੂੰ ਵਿਸਾਰ ਕੇ
ਇਸ ਹੁੱਬ ਵਤਨ ਦੀ ਨਾ ਰਹੀ

ਕੋਈ ਖ਼ਬਰ ਲਏ ਬਾਰ ਦੀ