ਹੁਣ ਮੱਘਰ ਮਾਘੀ ਜ਼ੋਰ ਹਨ
ਸਾਨੂੰ ਨਏ ਕਜ਼ੀਏ ਹੋਰ ਹਨ

ਗੱਲ ਆਖਾਂ ਕੀ ਸਿਆਲ਼ ਦੀ
ਜੋ ਗੁਜ਼ਰੇ ਆਪਣੇ ਹਾਲ ਦੀ

ਏਸ ਵਕਤ ਪਿਆਰਾ ਲੋੜੀਏ
ਸਾਨੂੰ ਬਹੁਤੀ ਸਿਕ ਕਨਾਰ ਦੀ

ਅੱਗੋਂ ਰਾਤਾਂ ਆਈਆਂ ਵੱਡੀਆਂ
ਮੇਰੀਆਂ ਬਿਰਹੋਂ ਖਾਂਦਾ ਹੱਡੀਆਂ

ਮੈਂ ਕਿਸ ਨੂੰ ਆਖਾਂ ਕੀ ਕਰਾਂ
ਹੁਣ ਕੱਤ ਵੱਲ ਜਾ ਕੇ ਜੀ ਧਿਰਾਂ

ਮੇਰੇ ਨਾ ਘਰ ਧਨ ਨਾ ਕੰਤ ਹੈ
ਮੈਂ ਆਜ਼ਿਜ਼ ਰੋਜ਼ ਸ਼ੁਮਾਰ ਦੀ

ਮੇਰੇ ਪੱਲੇ ਖ਼ਰਚ ਨਾ ਦਾਮ ਹੈ
ਵਿਚ ਘਰ ਦੇ ਆਬ ਨਾ ਤਆਮ ਹੈ

ਮੈਨੂੰ ਇੱਕ ਵਿਛੋੜਾ ਯਾਰ ਦਾ
ਦੂਜਾ ਪਾਲ਼ਾ ਅੰਦਰ ਸਾਡਦਾ

ਹੁਣ ਘਰ ਵਿਚ ਸਭ ਕੁੱਝ ਲੋੜੀਏ
ਭੁੱਖ ਸਾਰੇ ਭੇਤ ਉਖਾੜ ਦੀ

ਅੱਜ ਹੋਵਣ ਲੀਫ਼ ਨਿਹਾਲੀਆਂ
ਕੋਈ ਨੇਅਮਤ ਭਰੀਆਂ ਥਾਲੀਆਂ

ਬਹਿ ਨਾਲ਼ ਪਿਆਰੇ ਖਾਵੀਏ
ਹੋਰ ਮੁਸ਼ਕ ਗੁਲਾਬ ਲੱਗਾ ਵੀਏ

ਜੇ ਭਾਗ ਨਾ ਹੋਵਣ ਆਪਣੇ
ਤਦ ਕਾਹਨੂੰ ਬਾਤ ਚਿਤਾਰਦੀ