ਸਨ ਸੰਤਾਲ਼ੀ 1947

ਲਹੂ ਨਾਲ਼ ਪੁੱਜਿਆ ਘਰ ਨਈਂ ਭੁੱਲਿਆ
ਸਾਨੂੰ ਅੰਬਰਸਰ ਨਈਂ ਭੁੱਲਿਆ

ਹਿਜਰਤ ਵਾਲੇ ਦਿਨ ਦਾ ਮੰਜ਼ਰ
ਲੱਖ ਭੁਲਾਇਆ, ਪਰ ਨਈਂ ਭੁੱਲਿਆ

ਜਿਥੇ ਮਾਂ ਦਾ ਲੀੜਾ ਲੱਥਿਆ
ਉਹ ਵੇਹੜਾ, ਉਹ ਦਰ ਨਈਂ ਭੁੱਲਿਆ

ਛਾਤੀ ਵੱਡੀ ਧੀ ਨਈਂ ਭਲੀ
ਪੁੱਤ ਦਾ ਵਡਿਆ ਸਿਰ ਨਈਂ ਭੁੱਲਿਆ

ਬਹਿਣ ਨੂੰ ਵੇਖ ਕੇ ਆਇਆ ਸੀ ਜੂ
ਬਡ਼ੇ ਹੋ ਗਏ, ਡਰ ਨਈਂ ਭੁੱਲਿਆ

ਦੋ ਦਿਨ ਲੁਕ ਕੇ, ਭੁੱਖੇ ਕੱਡੇ
ਹਾਲੇ ਓ ਜੰਤਰ ਨਈਂ ਭੁੱਲਿਆ

ਜਿਥੇ ਆਸਾਂ ਨੱਪ ਆਏ ਸਾਂ
ਗੌਹਰ ਉਹ ਅੰਦਰ ਨਈਂ ਭੁੱਲਿਆ