ਛਾਂਗੇ ਰੁਖ ਦੀ ਟੀਸੀ ਬਹਿ ਕੇ

ਛਾਂਗੇ ਰੁਖ ਦੀ ਟੀਸੀ ਬਹਿ ਕੇ, ਸੁਣ ਲੌ ਕੀ ਕੁਝ ਮੋਰ ਬੋਲਦਾ
ਕੱਲਮ ਕੱਲਾ ਮੁੱਕ ਨਾ ਜਾਵਾਂ, ਆਪਣੇ ਵਰਗੇ ਹੋਰ ਟੋਲਦਾ

ਸਤਰੰਗੀ ਅਸਮਾਨ ਦੀ ਲੀਲਾ, ਖੰਭਾਂ ਅੰਦਰ ਸਗਲ ਸਮੋਈ
ਮੋਰਨੀਆਂ ਬਣ ਦੱਸੋ ਕਿਸਰਾਂ ਦਿਲ ਦੇ ਗੁਝੇ ਭੇਤ ਖੋਲ੍ਹਦਾ

ਰੂਹ ਤੇ ਭਾਰ ਪਿਆਂ ਤੇ ਅੱਥਰੂ, ਵਹਿਣ ਪਏ ਦਰਿਆ ਦੇ ਵਾਂਗੂੰ
ਦਿਲ ਦੇ ਵਰਕੇ ਪੇੜ ਪਰਚੇ, ਤੇਰੇ ਤੋਂ ਬਿਣ ਕੌਣ ਫੋਲਦਾ

ਮੰਨ ਦੇ ਮਹਿਰਮ ਯਾਰ ਬਿਣਾ ਦਸ, ਕਿਹੜਾ ਵੈਦ ਨਿਵਾਰੇ ਮਰਜ਼ਾਂ
ਸਾਹਾਂ ਦੀ ਮਾਲ਼ਾ ਦੇ ਮੰਕੇ, ਥਿੜਕ ਰਹੇ ਤੇ ਚਿੱਤ ਡੋਲਦਾ

ਤੂੰ ਪੁੱਛਿਆ ਏ ਕਿ ਮੇਰੇ ਮਗਰੋਂ, ਮੰਨ ਤੇਰੇ ਦੀ ਹਾਲਤ ਕੈਸੀ
ਦਰਦਾਂ ਵਾਲੀ ਗਠੜੀ ਨੂੰ ਮੈਂ, ਤਕੜੀ ਦੇ ਵਿਚ ਕਿਵੇਂ ਤੋਲਦਾ

ਸਾਰੀ ਧਰਤ ਵੈਰਾਗਣ ਹੋਗਈ, ਪੂਰਨ ਪੁੱਤ ਬਰੋਟਿਆਂ ਮਗਰੋਂ,
ਛਾਵਾਂ ਲੱਭਣ ਮਾਵਾਂ ਇੱਛਰਾਂ, ਪਾਰੇ ਵਾਂਗੂੰ ਚਿੱਤ ਡੋਲਦਾ

ਬਹੁਤਾ ਉੱਚੀ ਬੋਲ ਬੋਲ ਕੇ, ਜੋ ਕੰਨਾਂ ਦੇ ਦਰ ਖੜਕਾਵੇ
ਅੰਦਰੋਂ ਬਾਹਰ ਖ਼ਾਲਮ ਖ਼ਾਲੀ, ਭੇਤੀ ਹਾਂ ਮੈਂ ਏਸ ਢੋਲ ਦਾ