ਧੀ ਕੰਮੀ ਦੀ

ਧੀ ਕੰਮੀ ਦੀ
ਵੱਡੇ ਘਰ ਵਿਚ ਬੱਤੀਆਂ ਕਰਦੀ
ਹੰਝੂ ਪੀਂਦੀ, ਹੌਕੇ ਭਰਦੀ
ਨਾ ਏ ਜੀਂਦੀ ਨਾ ਇਹ ਮਰਦੀ

ਬੁੱਢੇ ਖ਼ਾਨ ਦਾ ਹੁੱਕਾ
ਦਿਨ ਵਿਚ ਸੌ ਸੌ ਵਾਰੀ ਤਾਜ਼ਾ ਕਰਦੀ

ਖ਼ਾਨ ਦਾ ਪੁੱਤਰ
ਬੈਠਕ ਦੇ ਵਿਚ ਹਾਸੇ ਭਾਣੇ
ਬਾਂਹ ਫੜ ਲੈਂਦਾ
ਐਵੇਂ ਐਵੇਂ ਖਹਿੰਦਾ
ਕੀ ਦੱਸਾਂ ਉਹ ਕੀ ਕੀ ਕਹਿੰਦਾ

ਅੱਧੀਂ ਰਾਤੀਂ ਛੋਟੀ ਬੀਬੀ ਕਹਿੰਦੀ
ਉਠ ਤਕੀਏ ਵਲ ਚਲੀਏ
ਜੇ ਕੰਮੀ ਨੇ ਪਿੰਡ ਵਿਚ ਰਹਿਣਾ
ਫਿਰ ਇਹ ਸਭ ਕੁਝ ਕਰਨਾ ਪੈਣਾ

ਹਵਾਲਾ: ਰਾਤ ਕੁਲੈਹਣੀ; ਹਬੀਬ ਜਾਲਬ; ਜਾਲਬ ਪਬਲੀਕੇਸ਼ਨਜ਼ ਕਰਾਚੀ; ਸਫ਼ਾ 67 ( ਹਵਾਲਾ ਵੇਖੋ )