ਸੱਸੀ ਪੰਨੂੰ

ਸਫ਼ਾ 13

ਸੱਸੀ ਸਖ਼ਤ ਗ਼ਮੀਂ ਵਿਚ ਆਹੀ, ਦਰਦ ਫ਼ਿਰਾਕ ਰਨਜਾਨੀ
ਨਾ ਕੁੱਝ ਸੁਰਤ ਆਵਾਜ਼ ਬਦਨ ਦੀ, ਨਾ ਕੁੱਝ ਹੋਸ਼ ਟਿੱਕਾਨੀ
ਰੂਹ ਰੂਹਾਂ ਵਿਚ ਫਿਰੇ ਸੱਸੀ ਦਾ, ਮੁਲਕ ਅਲਮੋਤ ਨਿਸ਼ਾਨੀ
ਹਾਸ਼ਿਮ ਮਿਸਲ ਬਲੋਚ ਮਸੀਹੇ, ਫੇਰ ਦਿੱਤੀ ਜ਼ਿੰਦਗਾਨੀ

ਸੰਨੀ ਆਵਾਜ਼ ਸੱਸੀ ਉੱਠ ਬੈਠੀ, ਸੁਰਤ ਸਰੀਰ ਸੰਭਾਲੀ
ਮਿਸਲ ਨਾਰ ਹੋਏ ਰਖ਼ਸਾਰੇ, ਫੇਰ ਫਰੀ ਲਬ ਲਾਲੀ
ਹਾਰ ਸਿੰਗਾਰ ਲੱਗੇ ਮਨ ਭਾਵਨ, ਖ਼ੂਬ ਹੋਈ ਖ਼ੁਸ਼ਹਾਲੀ
ਹਾਸ਼ਿਮ ਆਖ ਤਾਰੀਫ਼ ਬਲੋਚਾਂ, ਆਬ ਹਯਾਤ ਪਿਆਲੀ

ਸ਼ਹਿਰ ਉਤਾਰ ਬਲੋਚ ਸੱਸੀ ਨੇ, ਖ਼ਿਦਮਤ ਖ਼ੂਬ ਕਰਾਈ
ਹਾਲ ਹਕੀਕਤ ਹੋਤ ਪੁਨੂੰ ਦੀ, ਕੋਲ਼ ਬਹਾ ਪੁਛਾਈ
ਖ਼ਾਤਿਰ ਲੋਭ ਕਹਿਓ ਨੇਂ ਸਾਡਾ, ਹੋਤ ਪੁਨੂੰ ਹੈ ਭਾਈ
ਹਾਸ਼ਿਮ ਵੇਖ ਬਲੋਚਾਂ ਦਿੱਤੀਆ, ਸ਼ਾਮਤ ਆਨ ਵਿਖਾਈ

ਸੱਸੀ ਸਮਝ ਭਰਾ ਪੁਨੂੰ ਦੇ, ਕੈਦ ਬਲੋਚ ਕਰਾਏ
ਹੋਣ ਖ਼ਲਾਸ ਮੁਹਾਲ ਹਵੀਵਨੀਂ, ਹੋਤ ਪੁਨੂੰ ਬਿਨ ਆਏ
ਬੋਲ ਵਗਾਰ ਪਿੱਛੇ ਪਛਤਾਉਣ, ਸ਼ਾਮਤ ਆਨ ਫਸਾਏ
ਹਾਸ਼ਿਮ ਬਾਝ ਵਕੀਲੋਂ ਕਾਮਲ, ਫਸੀਆਂ ਕੌਣ ਛੁਡਾਏ