ਦਸ ਇਹ ਕੀ ਭੁੱਲਾਂ ਦੋਸਤਾ ਹੋ ਗਿਆ

ਦਸ ਇਹ ਕੀ ਭੁੱਲਾਂ ਦੋਸਤਾ ਹੋ ਗਿਆ
ਤੈਨੂੰ ਸਜਦਾ ਕੀ ਕੀਤਾ ਖ਼ੁਦਾ ਹੋ ਗਿਆ

ਦਿਨ ਚੜਾਉਂਦਾ ਤੇ ਲਾਹੁੰਦਾ ਸੀ ਚਿਹਰਾ ਕੋਈ
ਤੈਨੂੰ ਐਵੇਂ ਭਰਮ ਸੂਰਜਾ ਹੋ ਗਿਆ

ਸਭ ਮੁਸਾਫ਼ਰ ਖ਼ਿਆਲਾਂ ਦੀ ਲੌ ਲੈ ਤੁਰੇ
ਇੰਜ ਚਾਨਣ ਦਾ ਇਕ ਕਾਫ਼ਲਾ ਹੋ ਗਿਆ

ਹੱਥ ਫੜ ਕੇ ਤੁਰੇ ਸਾਂ ਕਦਮ ਦੋ ਕਦਮ
ਮੋੜ ਪਹਿਲੇ ਤੇ ਹੀ ਹਾਦਸਾ ਹੋ ਗਿਆ

ਤੂੰ ਗਿਆ ਤਾਂ ਨਸ਼ਾ ਹਰ ਹਵਾ ਹੋ ਗਿਆ
ਤੇਰੇ ਆਇਆਂ ਹਵਾ ਨੂੰ ਨਸ਼ਾ ਹੋ ਗਿਆ

ਪੇਟ ਭੁੱਖਾ ਸੀ ਪਰ ਫ਼ਰਸ਼ ਚਾਂਦੀ ਦਾ ਸੀ
ਇਕ ਪਾਰਾ ਬਦਨ ਥਿਰਕਦਾ ਹੋ ਗਿਆ

ਚਾਂਦ ਵੇਖਾਂ ਗੇ ਇਸ ਵਿਚ ਹੀ ਅਕਸ ਅਪਣਾ
ਇਕ ਪੱਥਰ ਜਦੋਂ ਆਈਨਾ ਹੋ ਗਿਆ