ਮਹਿੰਦੀ ਤੇ ਚੌੜਾ ਬੇਗਾਨੇ ਲਗਦੇ ਨੇਂ

ਮਹਿੰਦੀ ਤੇ ਚੌੜਾ ਬੇਗਾਨੇ ਲਗਦੇ ਨੇਂ
ਹੱਥ ਤੇਰੇ ਜਾਣੇ ਪਹਿਚਾਣੇ ਲਗਦੇ ਨੇਂ

ਏਨਾ ਦੂਰ ਨਾ ਜਾਵੇਂ ਕਿ ਨਾ ਪਰਤ ਸਕੇਂ
ਮੁੜ ਪਰਤਣ ਨੂੰ ਕਈ ਜ਼ਮਾਨੇ ਲਗਦੇ ਨੇਂ

ਉਹਦੇ ਹੱਥੀਂ ਤੇਰਾ ਹੱਥ ਫੜਾ ਦਿੱਤਾ
ਸਭਨਾਂ ਹੱਥੀਂ ਕਦੋਂ ਖ਼ਜ਼ਾਨੇ ਲਗਦੇ ਨੇਂ

ਅਜ਼ਲਾਂ ਤੋਂ ਪਹਿਚਾਣ ਹੈ ਸਾਡੀ, ਨਾ ਦੱਸੀਂ
ਸੱਚ ਬੋਲਣ ਤੇ ਸੌ ਹਰਜਾਨੇ ਲਗਦੇ ਨੇਂ

ਤਾਜ ਮਹਿਲ ਤੇ ਬੈਠੇ ਘੁੱਗੀਆਂ ਦੇ ਜੌੜੇ
ਸਾਡੇ ਵਰਗੇ ਹੀ ਦੀਵਾਨੇ ਲਗਦੇ ਨੇਂ