ਜਾਗਣਾ ਰਾਤਾਂ ਨੂੰ ਸੋਣਾ ਦਿਨ ਸਮੇਂ
ਏਸ ਤਰ੍ਹਾਂ ਵੀ ਗੁਜ਼ਾਰੀ ਹੈ ਜ਼ਿੰਦਗੀ
ਦੋਸਤਾਂ ਭਾਣੇ ਨਿਕੰਮਾ ਜੀਨ ਇਹ
ਜਾਪਦੀ ਇਹ ਵੀ ਪਿਆਰੀ ਜ਼ਿੰਦਗੀ

ਆਦਮੀ ਉਹੀ ਸੁਖਾਵਾਂ ਜੀ ਸਕੇ
ਜੋ ਸਮੇਂ ਦੇ ਨਾਲ਼ ਬਦਲੇ ਆਪ ਵੀ
ਹਰ ਸਮੇ ਦੇ ਰੰਗ ਅੰਦਰ ਰੰਗ ਕੇ
ਹੈ ਸਦਾ ਏਸ ਨੇ ਗੁਜ਼ਾਰੀ ਜ਼ਿੰਦਗੀ

ਨੀਂਦ ਰਾਤਾਂ ਨੂੰ ਨਹੀਂ ਆਉਂਦੀ ਕਦੇ
ਸੋਚ ਫ਼ਿਕਰਾਂ ਵਿਚ ਹੀ ਡੁੱਬੀ ਰਹੇ
ਘਾਟ ਇਉਂ ਤਾਂ ਸ਼ੈ ਕਿਸੇ ਦੀ ਵੀ ਨਹੀਂ
ਫੇਰ ਵੀ ਜਾਪੇ ਨਕਾਰੀ ਜ਼ਿੰਦਗੀ

ਜ਼ਿੰਦਗਾਨੀ ਨਰਕ ਜਾਪੇ ਹਰ ਸਮੇਂ
ਹੈ ਕਿਸੇ ਦੇ ਵਾਸਤੇ ਜੰਨਤ ਇਹ
ਆਦਮੀ ਦੀ ਸੋਚ ਦਾ ਹੀ ਫ਼ਰਕ ਹੈ
ਸੋਚ ਨੇ ਹੀ ਹੈ ਨਿਖਾਰੀ ਜ਼ਿੰਦਗੀ

ਜ਼ਿੰਦਗਾਨੀ ਹੈ ਅਮੁੱਲੀ ਹਰ ਸਮੇਂ
ਤੂੰ ਅਮੁੱਲੀ ਜਾਣ ਕੇ ਏਸ ਨੂੰ ਬਿਤਾ
ਹਰ ਸਮੇ ਤੂੰ ਠੀਕ ਏਸ ਦਾ ਮੁੱਲ ਪਾ
ਜਾਣ ਨਾ ਐਵੇਂ ਨਕਾਰੀ ਜ਼ਿੰਦਗੀ