ਸੈਫ਼ਾਲ ਮਲੂਕ

ਸਿਰ ਅਨਦੀਪ ਦੇ ਵਾਲੀ ਦੀ ਆਮਦ

ਹਰ ਦਰਵਾਜ਼ੇ ਕਰਨ ਆਵਾਜ਼ੇ, ਕੋਤਲ ਤੁਰਕੀ ਤਾਜ਼ੀ
ਪੋਸ਼ੋ ਪੋਸ਼ ਨਕੀਬ ਕਰੇਂਦੇ, ਸਾਜ਼ ਵਜਾਵਣ ਸਾਜ਼ੀ

ਸਿਰ ਅਨਦੀਪ ਸ਼ਹਿਰ ਦਾ ਵਾਲੀ, ਮਲਿਕਾ ਦਾ ਪਿਓ ਰਾਜਾ
ਸ਼ਾਹਜ਼ਾਦੇ ਦੇ ਡੇਰੇ ਆਇਆ, ਨਾਲ਼ ਵਜੇ ਹਰ ਬਾਜਾ

ਛਿੱਤਰ ਨਿਸ਼ਾਨ ਸਿਰੇ ਪਰ ਝੱਲਦੇ, ਨਾਲ਼ ਅਕਾਬਰ ਖ਼ਾਸੇ
ਸ਼ਾਤਰ ਟੋਪ ਜੜਾਊ ਸਿਰ ਪਰ, ਹੱਥ ਸੁਨਹਿਰੀ ਆਸੇ

ਮੇਰ ਵਜ਼ੀਰ ਕਬੀਰ ਸ਼ਾਹਜ਼ਾਦੇ, ਰਾਅ ਉਮਰਾ-ਏ-ਤਮਾਮੀ
ਆਏ ਨਾਲ਼ ਸ਼ਹਿਜ਼ਾਦਾ ਵੇਖਣ, ਕਿਆ ਖ਼ਾਸੀ ਕਿਆ ਆਮੀ

ਸੈਫ਼ ਮਲੂਕ ਸ਼ਹਿਜ਼ਾਦੇ ਅੱਗੇ, ਸਾਰੇ ਹਾਜ਼ਰ ਹੋਏ
ਜਿਸ ਜਿਸ ਜਾਈ ਬਹਿਣਾ ਆਹਾ, ਬੈਠੇ ਕੁਝ ਖਲੋਏ

ਸ਼ਾਹਜ਼ਾਦੇ ਫ਼ਰਮਾਇਆ ਜਲਦੀ, ਹਾਜ਼ਰ ਹੋਵਣ ਖਾਣੇ
ਲੈ ਕੇ ਹੁਕਮ ਬਬਰਚੀ ਸਾਰੇ, ਅੱਠ ਲੰਗਰ ਵੱਲ ਧਾਨੇ

ਆਨ ਰਕਾਬ ਟਿਕਾਏ ਅੱਗੇ, ਕਿਸਮ ਕਿਸਮ ਦਾ ਖਾਣਾ
ਜੋ ਜੋ ਤਲਬ ਕਿਸੇ ਨੂੰ ਆਹੀ, ਖਾ ਲਿਆ ਮਨ ਭਾਣਾ

ਸ਼ਹਿਜ਼ਾਦਾ ਤੇ ਸ਼ਾਹ ਨਗਰਦਾ ਤਖ਼ਤ, ਇੱਕੀ ਪਰ ਆਹੇ
ਰਲ਼ ਕੇ ਖਾਣਾ ਖਾਦਾ ਦੋਹਾਂ, ਨਾਲ਼ ਦਿਲੇ ਦੀ ਚਾਹੇ

ਖਾਣਾ ਖਾ ਹੋਏ ਜਦ ਵਿਹਲੇ, ਹੁਕਮ ਹੋਇਆ ਦਰਗਾਹੋਂ
ਭਰ ਭਰ ਦੇਵਨ ਸਾਕੀ ਸੋਹਣੇ, ਪੈੱਨ ਪਿਆਲੇ ਚਾਹੂੰ

ਸਾਇਤ ਘੜੀ ਗੁਜ਼ਾਰ ਖ਼ੁਸ਼ੀ ਦੀ, ਉਠਿਆ ਸ਼ਾਹ ਨਗਰਦਾ
ਸੈਫ਼ ਮਲੂਕ ਅਗੇਰੇ ਆਇਆ, ਰੁਖ਼ਸਤ ਕਰਦਾ ਕਰਦਾ