ਧਰਤੀ ਜੰਨਤ ਬਣ ਜਾਏ

ਡੋਡੀਆਂ ਵਿਚੋਂ ਫੁਲ ਨਿਕਲਦੇ ਕਿਉਂ ਕਮਲਾਏ ਜਾਂਦੇ ਨੇਂ
ਸਾਂਭ ਫੁੱਲਾਂ ਦੀ ਹੁੰਦੀ ਨਈਂ ਤੇ ਬੂਟੇ ਲਾਏ ਜਾਂਦੇ ਨੇਂ

ਫੁੱਲ ਖਿੜਨ ਖ਼ੁਸ਼ਬੂਆਂ ਮਹਿਕਣ ਧਰਤੀ ਜੰਨਤ ਬਣ ਜਾਏ
ਪਰ ਕੂੰਬਲੀਆਂ ਨੂੰ ਡੰਗਰਾਂ ਵਾਂਗ ਰਾਖੇ ਈ ਖਾ ਜਾਂਦੇ ਨੇਂ

ਚੌਹਦਰੀਆਂ ਘਰ ਪੁੱਤਰ ਹੋਇਆ ਡੋਮ ਵਿਦਾਈਆਂ ਦਿੰਦੇ ਨੇਂ
ਸੱਤ ਸੌ ਏਕੜ ਵਾਲੇ ਉਥੇ ਨਾਮ ਰਖਾਏ ਜਾਂਦੇ ਨੇਂ

ਹਸਪਤਾਲਾਂ ਵਿਚ ਮਿਲੇ ਨਾ ਦਵਾਈ ਮਜ਼ਦੂਰਾਂ ਦਿਆਂ ਬੱਚਿਆਂ ਨੂੰ
ਜ਼ਰਦਾਰਾਂ ਦੇ ਕੁੱਤੇ ਇਥੇ ਦਾਖ਼ਲ ਕਰਾਏ ਜਾਂਦੇ ਨੇਂ

ਜ਼ਰ ਜ਼ਮੀਨ ਤੇ ਜ਼ਨ ਦੇ ਝਗੜੇ ਹੌਲੀ ਹੌਲੀ ਵਦਰੇ ਨੇਂ
ਆਪਣੀਆਂ ਚੌਹਦਰੀਆਂ ਕਾਇਮ ਰੱਖਣ ਲਈ ਘੋਲ਼ ਕਰਾਏ ਜਾਂਦੇ ਨੇਂ

ਵੀਰ ਭੈਣਾਂ ਦੇ ਜੰਗ ਵਿਚ ਮਰਦੇ ਬੇਵਾ ਨਾਰਾਂ ਹੁੰਦੀਆਂ ਨੇਂ
ਕਸ਼ਫ਼ੀ ਅਮਨ ਬਿਨਾ ਨਹੀਂ ਚਾਰਾ ਸੱਚ ਸਿਆਣੇ ਆਂਦੇ ਨੇਂ