ਭਾਈ ਕੀ ਮੌਤ ਪਰ

ਤੇਰੀ ਝਾੜ ਕਿਤਾਬਾਂ ਰੱਖਨੀ ਆਂ ਨਾਲੇ ਸਾਫ਼ ਕਰਾਂ ਤਸਵੀਰ ਨੂੰ
ਕਦੀ ਜੱਗ ਵੈਰੀ ਨਾਲ਼ ਲੜਨੀ ਆਂ ਕਦੀ ਦੋਸ਼ ਦਿਆਂ ਤਕਦੀਰ ਨੂੰ

ਮੈਂ ਵਾਂਗ ਦਿਵਾਨੀ ਹੋ ਪਾਗਲ ਪਈ ਢੂੰਢਾਂ ਸੋਹਣੇ ਵੀਰ ਨੂੰ
ਜਦੋਂ ਫੁੱਲ ਗੁਲਾਬ ਨਾ ਖਿੜ ਸਕਿਆ ਕੀ ਕਰਨਾ ਏਂ ਚੰਡ ਕਰੀਰ ਨੂੰ

ਤੇਰਾ ਕੱਖ ਨਾ ਰਵੇ ਡਰਾਇਵਰਾ ਵੇ ਥੱਲੇ ਦੇਤਾ ਈ ਬੇ ਤਕਸੀਰ ਨੂੰ
ਮੇਰੇ ਖ਼ੂਨ ਦੇ ਅੱਥਰੂ ਲੈ ਕਸ਼ਫ਼ੀ ਜਾ ਦੱਸੀਂ ਬੇਨਜ਼ੀਰ ਨੂੰ

ਕੋਈ ਅੱਥਰੂ ਪੂੰਝੇ ਰੋਂਦਿਆਂ ਦੇ ਤਾਂ ਦੁੱਖ ਸੁਣਾਏ ਜਾਂਦੇ ਨੇਂ
ਕਈ ਬੇਗੁਨਾਹ ਗ਼ਰੀਬ ਬੰਦੇ ਮੇਰੇ ਵਾਂਗੂੰ ਧੱਕੇ ਖਾਂਦੇ ਨੇਂ

ਤੂੰ ਛੱਡ ਚੌਦਰਾਹਟ ਮਕਰਾਂ ਦੀ ਦੁੱਖ ਸੁਖ ਵਿਚ ਸਭ ਦਾ ਸਾਂਝਾ ਬਣ
ਤੂੰ ਸੋਨਾ ਏਂ ਚੜ੍ਹ ਕਸੋਟੀ ਤੇ ਨਾ ਲੋਹਾ ਪਿੱਤਲ ਤਾਂਬਾ ਬਣ

ਇਸ ਬਾਗ਼ ਦੇ ਪੱਤੇ ਪੱਤੇ ਦਾ ਤੂੰ ਮਾਲੀ ਬਣ ਤੂੰ ਸਾਂਭਾ ਬਣ
ਛੱਡ ਖੇੜਾ ਅਸੀਰ ਤੇ ਕੈਦ ਦਾ ਤੂੰ ਮਜਬੂਰਾਂ ਦਾ ਰਾਂਝਾ ਬਣ

ਗਏ ਮੁੱਕ ਪੁਰਾਣੇ ਸਭ ਕਿੱਸੇ ਨਵੇਂ ਦੁੱਖ ਤੇ ਨਵੇਂ ਜੰਜਾਲ਼ ਪੈ ਗਏ
ਲਹੂ ਦੇ ਕੇ ਲਾਇਆ ਸੀ ਬਾਗ਼ ਜਿਹੜਾ ਵੰਡਾਂ ਪਾਨ ਲਈ ਨਵੇਂ ਫੁੰਚਾਲ ਪੈ ਗਏ