ਮਜ਼ਦੂਰ ਕਦੀ ਜ਼ਕਾਤ ਨਹੀਂ ਲੈਂਦਾ

ਇਜ਼ਰਾਈਲ ਮੇਰੀ ਜਾਨ ਨਾ ਕਢੀਂ ਮੇਰੇ ਕੰਮ ਬਥੇਰੇ ਰਹਿੰਦੇ
ਮੇਰੇ ਬਾਹਜੋਂ ਇਨ੍ਹਾਂ ਕੌਣ ਸੰਭਾਲੇ ਜਿਹੜੇ ਬਾਬੁਲ ਬਾਬੁਲ ਕਹਿੰਦੇ

ਮੀਂਹ ਪਵੇ ਪਰਨਾਲੇ ਕੋਲੋਂ ਕਾਈਆਂ ਦੀ ਛੱਤ ਚੋਂਦੀ
ਤੈਨੂੰ ਪਤਾ ਯਤੀਮਾਂ ਦੇ ਨੇਂ ਜੇਕਰ ਕੋਠੇ ਡਹਿੰਦੇ

ਅਜੇ ਮੈਂ ਪੂਰੀ ਦੁਨੀਆ ਦੇ ਵਿਚ ਫਿਰ ਕੇ ਹੌਕਾ ਦੇਣਾ
ਕਰ ਮਜ਼ਦੂਰੀ ਖਾਵਣ ਵਾਲੇ ਨਹੀਂ ਜ਼ਕਾਤਾਂ ਲੈਂਦੇ

ਰੱਬ ਦੇ ਨਾਲ਼ ਵੀ ਧੋਕਾ ਕਰਦੇ ਵੱਡੀਆਂ ਦਾੜ੍ਹੀਆਂ ਵਾਲੇ
ਤਗੜੇ ਨੂੰ ਜੀ ਜੀ ਕਰਦੇ ਮਾੜਿਆਂ ਦੇ ਨਾਲ਼ ਕਹਿੰਦੇ

ਇਕ ਪਾਸੇ ਨਿੱਤ ਪਾਵਨ ਪੋਸ਼ਾਕਾਂ ਹਲਵੇ ਕੁੱਕੜ ਖਾਂਦੇ
ਇਕ ਢਿੱਡੋਂ ਭੁੱਖੇ ਪੈਰੋਂ ਨੰਗੇ ਹਰ ਦੁੱਖ ਸਿਰ ਤੇ ਸਹਿੰਦੇ

ਭੱਟੀਆਂ ਦੇ ਵਿਚ ਮਜ਼ਦੂਰਾਂ ਨੂੰ ਜਿਹੜੇ ਸੁੱਟ ਕੇ ਹੱਸਦੇ
ਬਣ ਕੇ ਰਾਠ ਅਸੰਬਲੀਆਂ ਦੇ ਵਿਚ ਉੱਚੇ ਹੋ ਹੋ ਬਹਿੰਦੇ

ਮੈਂ ਬਾਗ਼ੀ ਤੇ ਨਈਂ ਐਵੇਂ ਤੈਨੂੰ ਵੈਰੀਆਂ ਨੇਂ ਭੜਕਾਇਆ
ਹੱਕ ਦੀ ਗੱਲ ਕਰੇ ਜੇ ਕਸ਼ਫ਼ੀ ਕਾਫ਼ਰ ਕਾਫ਼ਰ ਕਹਿੰਦੇ