ਤੋਂ ਕੀ ਕੀਤਾ

ਪੁੱਛਦਾ ਏ
ਤੋਂ ਕੀ ਕੀਤਾ ?

ਵਰ੍ਹਿਆਂ ਤੋਂ ਮੈਂ ਆਟਾ ਗਿਣਿਆ
ਰੋਟੀ ਵੈਲੀ , ਚੋਰੀ ਕੱਟੀ
ਪੁਰਖਾਂ ਦੀ ਇੱਜ਼ਤ ਰੱਖਣਾ ਸਿੱਖਿਆ
ਪਿਆਰ ਕਰਨ ਦੀ ਰੀਤ ਵਧਾਈ

ਪੁੱਛਦੀ ਏ
ਤੋਂ ਕੀ ਕੀਤਾ ?

ਤੈਨੂੰ ਗਹਿਣਾ, ਜੁੱਤੀ,ਲੀੜਾ ਲੈ ਕੇ ਦਿੱਤਾ
ਚਿੱਘੀ ਵਿਚੋਂ ਕੱਢ ਕੇ ਤੈਨੂੰ ਕੰਦਾਂ ਦਿੱਤੀਆਂ
ਉੱਚਾ ਬੋਲਣਾ ਸਿੱਖਿਆ
ਤੇ ਸ਼ਬਦਾਂ ਦੀ ਹੇਰਾਫੇਰੀ ਸਿੱਖੀ

ਪੁੱਛਦਾ ਏ
ਤੋਂ ਕੀ ਕੀਤਾ ?

ਨਬੀ ਪੈਗ਼ੰਬਰ ਗ਼ੌਸ ਮੈਂ ਜੰਮੇ
ਮੈਂ ਰੰਗਾਂ ਨੂੰ ਅੰਗ ਏ ਦਿੱਤਾ
ਸੱਸੀ ,ਹੀਰ ਤੇ ਸੋਹਣੀ ਆਂ ਮੈਂ
ਤੇਰੇ ਵਰਗਾ ਲਿਖ ਸਕਦੀ ਆਂ
(ਡਰਦੀ ਮਾਰੀ)

ਪੁੱਛਦੀ ਏ
ਤੋਂ ਕੀ ਕੀਤਾ?

ਨਬੀ ਪੈਗ਼ੰਬਰ ਗ਼ੌਸ ਬਣੇ ਆਂ
ਸੂਫ਼ੀ ਮਿਲਾ ਖ਼ਾਕੀ ਬੰਦੇ
ਅਰਸ਼ਾਂ ਤੀਕਰ ਸਿੱਕਾ ਚਲਦਾ ਏ
ਰੱਬ ਵੀ ਸਾਨੂੰ ਮੰਨਦਾ ਏ
ਇਹ ਜੋ ਤੋਂ ਨਜ਼ਮਾਂ ਕਹਿਣੀ ਐਂ
ਇਨ੍ਹਾਂ ਦਾ ਖ਼ਾਲਿਕ ਵੀ ਮੈਂ ਆਂ
ਹੈ ਕੋਈ ਤੇਰੀ ਆਪਣੀ ਜਾਤੀ?
ਜਿਸ ਤੇ ਟੁਰ ਕੇ ਤੋਂ ਅਪਣਾ ਆਪ ਮਨਾਵੇਂ ?

ਪੁੱਛਦਾ ਏ
ਤੋਂ ਕੀ ਕੀਤਾ?
(ਵਿਚੋਂ ਵਿਚ ਈ ਸੜਦੀ ਕਹਿੰਦੀ)

ਮੈਨੂੰ ਕਹਿਣਾ ਪੈਣਾ ਏ
ਆਪਣੀ ਜਾਤੀ , ਆਪਣੇ ਅੱਖਰ ,ਆਪਣੇ ਖੇਡ ਨੇਂ ਲੱਭਣੇ ਪੈਣੇ
ਜਾਵੇ ਚੁੱਕ ਲੈ ਆਪਣੇ ਦੋਹੜੇ
ਜਾਵੇ ਚੁੱਕ ਲੈ ਆਪਣੀ ਵਰਦੀ

ਠੀਕ ਏ, ਤਦ ਮਿਲਾਂਗੇ ਜਦ ਮੈਂ
ਅਪਣਾ ਵੀ ਕੁਝ ਲੱਭ ਲਿਆਈ
ਰੱਬ ਦੇ ਨਾਂ ਦੀ ਵੰਡ ਚੋਂ ਖ਼ੁਦ ਨੂੰ ਕਢ ਲਿਆਈ!!