ਜਿਹੜੇ ਦਿਨ ਦੇ ਰਾਹ ਬਦਲੇ ਨੇ

ਜਿਹੜੇ ਦਿਨ ਦੇ ਰਾਹ ਬਦਲੇ ਨੇ
ਸੱਜਣ ਅੰਨੇਵਾਹ ਬਦਲੇ ਨੇ

ਜਦ ਵੀ ਆਲੀਜਾਹ ਬਦਲੇ ਨੇ
ਗਲ ਨੀ ਬਦਲੇ, ਫਾਹ ਬਦਲੇ ਨੇ

ਲੱਖਾਂ ਵਰ੍ਹਿਆਂ ਤੋਂ ਇਹ ਰੀਤ ਏ
ਹੋ ਕੇ ਲੋਕ ਤਬਾਹ ਬਦਲੇ ਨੇ

ਉਹੋ ਤਾਪ ਤੇ ਉਹੋ ਖੰਘਾਂ
ਮੌਸਮ ਕੀ ਸਵਾਹ ਬਦਲੇ ਨੇ

ਕੁਝ ਹੌਕੇ ਕੁਝ ਹਾਵਾਂ ਬਣ ਗਏ
ਮੈਂ "ਸਾਬਿਰ" ਸਾਹ ਬਦਲੇ ਨੇ

ਹਵਾਲਾ: ਇਕੋ ਸਾਹੇ; ਸਾਂਝ; ਸਫ਼ਾ 31