ਬੜੀ ਲੰਮੀ ਕਹਾਣੀ ਏ

ਜੋ ਅੱਖਾਂ ਨੀਂਵੀਆਂ ਨੇ ਸ਼ੀਸ਼ਿਆਂ ਦੇ ਸਾਹਮਣੇ ਬਹਿ ਕੇ
ਤੇ ਕੰਧਾਂ ਨੂੰ ਸੁਨਾਣੀ ਏ, ਬੜੀ ਲੰਮੀ ਕਹਾਣੀ ਏ
ਮੇਰਾ ਮਤਲ਼ਬ ਕਿ ਪਲਕਾਂ ਮੁੱਢ ਜੰਮੀ ਲੂਣੀਆਂ ਬਰਫ਼ਾਂ ਦੀ
ਜਿਹੜੀ ਤਹਿ ਪੁਰਾਣੀ ਏ, ਬੜੀ ਲੰਮੀ ਕਹਾਣੀ ਏ

ਗ਼ੁਲਾਮਾਂ ਦੇ ਗ਼ੁਲਾਮਾਂ ਦੀ ਗ਼ੁਲਾਮੀ ਕਰਦਿਆਂ ਹੋਇਆਂ
ਵਫ਼ਾ ਦੀ ਰੀਤ ਚਲੀ ਸੀ, ਜਵਾਨੀ ਬੀਤ ਚਲੀ ਸੀ
ਕਿਸੇ ਜੁਗਨੂੰ ਨੇ ਦਸਿਆ ਏ ਹਨੇਰਾ ਨਾਲ਼ ਨਈਂ ਜੰਮਿਆ
ਤੇਰੇ ਪੁਰਖਾਂ ਦਾ ਹਾਣੀ ਏ, ਬੜੀ ਲੰਮੀ ਕਹਾਣੀ ਏ

ਇਹ ਸ਼ਾਹੀਆਂ ਨੂੰ ਬਚਾਵਣ ਲਈ ਜੋ ਸਾਵੇ, ਲਾਲ
ਕਾਲੇ ਝੰਡਿਆਂ ਦੇ ਨਾਲ ਖਹਿੰਦੇ ਨੇ ਤੇ ਸਾਨੂੰ ਯਾਰ ਕਹਿੰਦੇ ਨੇ
ਅਸੀਂ ਇਹ ਸਮਝਦੇ ਕਿਉਂ ਨਈਂ ਕਿ ਸਾਡੇ ਖ਼ੂਨ ਪਾਣੀ ਤੇ
ਇਹਨਾਂ ਦਾ ਤੇਲ ਪਾਣੀ ਏ, ਬੜੀ ਲੰਮੀ ਕਹਾਣੀ ਏ

ਮੈਂ ਅਕਸਰ ਸੋਚਦਾਂ ਰਹਿਨਾਂ ਖ਼ੁਦਾ ਤਸਲੀਮ ਕੀਤਾ ਏ
ਖ਼ੁਦਾ ਤਸਲੀਮ ਨਈਂ ਕਰਦਾ, ਜ਼ਮਾ ਤਕਸੀਮ ਨਈਂ ਕਰਦਾ
ਫ਼ਿਰ ਆਪੇ ਸੋਚ ਲੈਂਦਾਂ ਹਾਂ ਖ਼ੁਦਾਵਾਂ ਦੇ ਖ਼ੁਦਾਵਾਂ ਤੋਂ
ਖ਼ੁਦਾ ਨੇ ਮਾਰ ਖਾਣੀ ਏ, ਬੜੀ ਲੰਮੀ ਕਹਾਣੀ ਏ

ਕਦੀਂ ਤੂੰ ਸੋਚਿਆ ਕਿਓਂ ਨਈਂ ਜੇ ਹੋਰਾਂ ਵਾਂਗ 'ਸਾਬਿਰ' ਵੀ
ਤੇਰੇ ਕੁੰਨ ਕੁੰਨ ਤੇ ਕੰਨ ਧਰਦਾ ਜ਼ਬਰ ਨੂੰ ਜ਼ੇਰ ਨਾ ਕਰਦਾ
ਇਹ ਮੇਰਾ ਮੌਅਜ਼ਜ਼ਾ ਏ ਕਿ ਤੇਰੇ ਆਦਮ ਤੋਂ ਪਹਿਲਾਂ ਦੀ
ਮੈਂ ਕੋਈ ਰਮਜ਼ ਜਾਣੀ ਏ, ਬੜੀ ਲੰਮੀ ਕਹਾਣੀ ਏ