See this page in :
ਨਹੀਓਂ ਨਿਭਣਾ ਨਾਲ਼ ਤੇ ਛੱਡ ਦੇ
ਮੈਨੂੰ ਮੇਰੇ ਹਾਲ ਤੇ ਛੱਡ ਦੇ
ਮੈਨੂੰ ਤੇਰੇ ਵਰਗੇ ਵਾਧੂ
ਤੈਨੂੰ ਵੀ ਨਹੀਂ ਕਾਲ਼ ਤੇ ਛੱਡ ਦੇ
ਕਦੀ ਕਦੀ ਤੇ ਦਿਲ ਕਹਿੰਦਾ ਏ
ਰੋਜ਼ ਈ ਜਾਂਦਾ ਏ ਟਾਲ਼, ਤੇ ਛੱਡ ਦੇ
ਤੈਨੂੰ ਮੁਰਗ਼ ਮੁਬਾਰਕ ਹੋਵਣ
ਮੇਰੀ ਰੋਟੀ ਦਾਲ਼ ਤੇ ਛੱਡ ਦੇ!
ਮੁਸਤਕਬਿਲ ਦੇ ਕਾਤਲ ਨੇ ਉਹ
ਜੋ ਮਾਜ਼ੀ ਨੂੰ ਹਾਲ ਤੇ ਛੱਡ ਦੇ
ਖ਼ਤ ਘੱਲਿਆ ਸੀ ਖ਼ਾਲੀ ਵਰਕਾ
ਉਸ ਲਿਖਿਆ ਹੜਤਾਲ਼ ਤੇ ਛੱਡ ਦੇ
ਬੱਸ ਤੂੰ ਆਉਣ ਦਾ ਵਾਅਦਾ ਕਰ ਲੈ
ਬਾਕੀ ਗੱਲ ਵਿਸਾਲ ਤੇ ਛੱਡ ਦੇ
ਤੂੰ ਸਾਬਰ ਦਾ ਭਾਰ ਕੀ ਚੁਕਣਾ
ਅਪਣਾ ਆਪ ਸੰਭਾਲ਼, ਤੇ ਛੱਡ ਦੇ
Reference: Iko saahe; Sanjh; Page 51