ਅੱਥਰਾ ਜੰਮ

ਨਿੱਕੇ ਹੁੰਦੇ
ਦੰਦਾਂ ਨੇ ਹਾਸੇ ਤੇ ਚੱਕ ਵੱਢਿਆ
ਮੈਂ ਪਿੰਡੇ ਹੇਠ ਲੁਕ ਗਈ
ਪਿਓ ਦੇ ਸ਼ਰੀਕ ਮੇਰੇ ਉੱਤੋਂ ਲੰਘ ਗਏ
ਮਾਂ ਭੁੱਲ ਗਈ ਸੀ
ਮੇਰੀ ਜੀਭ ਤੇ ਕੋਇਲਾ ਰੱਖਣਾ
۔
ਮੈਂ ਅਸਮਾਨ ਤੋਂ ਵੀ ਭਾਰੇ ਸੁਫ਼ਨੇ ਜੰਮੇ
ਗ਼ੁਲਾਮ ਹਵਾਵਾਂ ਨੇ ਰਸਤਾ ਢਕਿਆ
ਮੈਂ ਕਾਲੀ ਹਨੇਰੀ ਬਣ ਗਈ
ਮਾਂ ਹੋੜ ਹੋੜ ਕੇ ਜਿੰਨਾ ਮੈਨੂੰ ਮੇਰੇ ਪਿੰਡੇ ਵਾੜਦੀ
ਮੈਂ ਪਿਛਲਪੈਰੀ ਬਣ ਜਾਂਦੀ
ਤੇ ਗਲੀਆਂ ਮੁਹੱਲੇ
ਟੱਪਦੀ ਨੱਚਦੀ ਫਿਰਦੀ
۔
ਇਕ ਦਿਨ ਸ਼ਾਮਾਂ ਨੂੰ
ਪੱਕੀ ਹਾਂਡੀ ਕੋਇਲਿਆਂ ਤੇ ਰੋੜ੍ਹ ਕੇ
ਮੈਂ ਆਪਣੇ ਪਿੰਡੇ ਵਿੱਚੋਂ ਨੱਸ ਪਈ
ਮਾਂ ਫ਼ੇਰ ਭੁੱਲ ਗਈ
ਮੈਨੂੰ ਸਬਰ ਚੁੰਘਾਣਾ