ਉਮਰਾਂ ਧੁੱਪਾਂ ਹੋਈਆਂ

ਮੇਰੀ ਮਾਂ ਨੇ ਆਪਣੀ ਮਾਂ ਦੀ
ਮੈਂ ਆਪਣੀ ਮਾਂ ਦੀ ਚੁੰਨੀ ਲੈ ਕੇ
ਰੱਬ ਜਾਣੇ ਕਿਹੜੇ ਵੇਲੇ
ਧੁੱਪ ਨੂੰ ਪਾਣੀ ਵਿੱਚ ਘੋਲ਼ ਕੇ
ਇਕੋ ਸਾਹ ਵਿੱਚ ਪੀ ਗਈ
ਪੁਰਾਣੀ ਇੱਟ ਨੂੰ ਨਵੀਂ ਇੱਟ ਦਾ ਤਰੋਪਾ ਲਾਇਆ
ਵੱਡੀਆਂ ਵੱਡੀਆਂ ਕਿਤਾਬਾਂ ਚੁੱਕੀਆਂ
ਚਿੱਟੇ ਵਰਕੇ ਕਾਲੇ ਕਰ ਛੱਡੇ
ਪਿਓ ਦਾ ਸ਼ਮਲਾ ਉੱਚਾ ਕਰਦਿਆਂ
ਗੱਲ ਵਿਚ ਸਹੁੰ ਦੀ ਸੂਲ਼ੀ ਪਾ ਲਈ
ਕਿਸੇ ਨੇ
ਮੇਰੇ ਦਿਲ ਦੀ 'ਵਾਜ ਨਾ ਸੁਣੀ
ਮੈਂ ਬੜਾ ਕਿਹਾ
ਬੇਬੇ ਬਰਫ਼ ਬੜੀ ਤੱਤੀ
ਮੇਰਾ ਜੁੱਸਾ ਸੜ ਗਿਆ
ਉਸ ਘੂਰਿਆ ਮੈਨੂੰ
ਮੈਂ ਕੰਬ ਕੇ ਆਪਣੇ ਅੰਦਰ ਵੜ੍ਹ ਗਈ
ਆਪਣੀ ਹਿੱਕ ਤੇ ਸਟਾਪੂ ਖੇਡਦੇ
ਅੱਥਰੂ ਦੱਬ ਛੱਡਿਆ
ਬੁੱਲ੍ਹ ਮੀਚ ਕੇ ਸੀ ਵੀ ਡੱਕ ਲਈ
ਬੇਬੇ ਨੇ ਫ਼ਿਰ ਵੀ
ਪੁੱਤਾਂ ਦਾ ਪਾਣੀ ਭਰਿਆ
ਮੇਰਾ ਨਈ