ਆਉਂਦੀ ਬਖ਼ਸ਼ਿਸ਼ ਵਾਲੀ ਰਾਤ

ਆਉਂਦੀ ਬਖ਼ਸ਼ਿਸ਼ ਵਾਲੀ ਰਾਤ

ਕੁੱਲ ਆਲਮ ਸੱਤੇ ਖ਼ੈਰਾਂ
ਪੂਰ ਸਮੁੰਦਰ ਨੂਰੀ ਲਹਿਰਾਂ
ਇਸ਼ਕ ਸ਼ਿਕਾਰੀ ਲਾਉਂਦਾ ਘਾਤ
ਆਉਂਦੀ ਬਖ਼ਸ਼ਿਸ਼ ਵਾਲੀ ਰਾਤ

ਜ਼ਾਤ ਵਹਬੀ ਕਿੰਜ਼ ਖ਼ਜ਼ਾਨੇ
ਰਹਿਮ ਕਰਮ ਦੇ ਲੱਖ ਬਹਾਨੇ
ਆਪੋਂ ਫ਼ਜ਼ਲੋਂ ਪਾਉਂਦੀ ਝਾਤ
ਆਉਂਦੀ ਬਖ਼ਸ਼ਿਸ਼ ਵਾਲੀ ਰਾਤ

ਮੇਰੇ ਹੱਥ ਨਾ ਭੋਰਾ ਮਾਸਾ
ਨਾ ਕਸ਼ਕੋਲ ਨਾ ਠੂਠਾ ਕਾਸਾ
ਬਖ਼ਸ਼ੀਂ ਲੇਖਾਂ ਵਿਚ ਬਰਾਤ
ਆਉਂਦੀ ਬਖ਼ਸ਼ਿਸ਼ ਵਾਲੀ ਰਾਤ

ਮੀਰਾਂ ਬਾਂਦੀ ਤੇਰੇ ਦਰ ਦੀ
ਰਾਤੀਂ ਉੱਠ ਉੱਠ ਸਜਦਾ ਕਰਦੀ
ਬਣਦੀ ਸਜਦੇ ਦੇ ਵਿਚ ਬਾਤ
ਆਉਂਦੀ ਬਖ਼ਸ਼ਿਸ਼ ਵਾਲੀ ਰਾਤ

ਹਵਾਲਾ: ਕਾਫ਼ੀਆਂ (ਚੌਂਵਾਂ ਕਲਾਮ); ਸ਼ਿਹਜ਼ਾਦ ਕੈਸਰ; ਸੁਚੀਤ (ਲਾਹੌਰ)