ਕੱਲਮ-ਕੱਲਾ ਸਾਕੀ ਏ । ਰਾਤ ਵੀ ਸਾਰੀ ਬਾਕੀ ਏ । ਪੀਂਦੇ-ਪੀਂਦੇ ਉਮਰ ਗੁਜ਼ਾਰੀ, ਪਿਆਸ ਅਜੇ ਵੀ ਬਾਕੀ ਏ । ਮੈਅ ਖ਼ਾਨੇ ਦੇ ਬਾਹਰ ਫ਼ਰਿਸ਼ਤੇ, ਅੰਦਰ ਬੰਦਾ ਖ਼ਾਕੀ ਏ । ਖ਼ੌਰੇ ਕਿਸ ਦਿਨ ਪਰਤ ਪਵੇ ਉਹ, ਖੋਲ੍ਹ ਰੱਖੀ ਮੈਂ ਤਾਕੀ ਏ । ਨਾਲ ਦਿਆਂ ਰਾਹੀਆਂ ਨੂੰ ਪੁੱਛਾਂ, ਪੰਧ ਕਿੰਨਾਂ ਕੁ ਬਾਕੀ ਏ । ਕੱਲ੍ਹ ਤੱਕ ਪੀਣੋਂ ਰੋਕਣ ਵਾਲਾ, ਅੱਜ ਕੱਲ੍ਹ ਸਾਡਾ 'ਸਾਕੀ' ਏ । ਧੋਂਦੇ ਧੋਂਦੇ ਉਮਰ ਬਿਤਾਈ, ਜੀਵਨ ਮੇਰੀ ਟਾਕੀ ਏ । ਦਿਲ ਤੇ ਮੈਲ ਨਾ ਹੋਵੇ 'ਤਾਰਿਕ', ਫਿਰ ਪਾਕੀ ਹੀ ਪਾਕੀ ਏ ।