ਮਤੇ ਜਿਉਂਦਿਆਂ ਈ ਮਰ ਜਾਈਏ

ਜੇ ਨਾ ਦੁੱਖ ਦੁਪਹਿਰਾਂ ਵਾਲੇ ਜੀ ਤੇ ਲੈਂਦੇ
ਜੇ ਨਾ ਕੂੜ ਸ਼ਰਾਬਾਂ ਵਾਲੀ
ਜੀਭ ਤੇ ਰੱਖਦੇ
ਗੀਤ ਨਾ ਲਿਖਦੇ
ਦਿਨ ਵਿਚ ਸੁਫ਼ਨੇ ਕਦੀ ਨਾ ਬਣਦੇ
ਜਗਰਾਤੇ ਦਾ ਰੋਗ ਨਾ ਹੁੰਦਾ
ਬੰਨੇ ਬੈਠ ਕੇ
ਨੂਨ ਦਾ ਪਾਣੀ ਤੁਬਕਾ ਤੁਬਕਾ
ਜੇ ਨਾ ਦਿਲ ਦੀ ਸਿਲ਼ ਤੇ ਚੋਂਦੇ
ਤੇੜ ਓ ਗੇੜ ਓ ਮੁੱਖ ਤਮਾਸ਼ਾ ਜੇ ਨਾ ਕਰਦੇ
ਗਲੀਆਂ ਵਿਚ ਵਣਜਾਰੇ ਬਣ ਕੇ
ਕਿਤੇ ਨਾ ਮਹਿਣਾ ਮਹਿਣਾ ਕਰਦੇ

ਝਾਤ ਤੇ ਕਰ ਕੋਈ!

ਅਸੀਂ ਨਿਮਾਣੇ
ਸਾਡੇ ਅੰਦਰ ਕਿਹੜਾ ਗੁਣ ਸੀ
ਤੇਰੇ ਪਿੜ ਤੇ ਜਿਸਦੀ ਵਰਸ਼ਾ
ਸਾਵੀ ਘਾਹ ਉਗਾਂਦੀ
ਤੱਤੇ ਵਿਹੜੇ ਨੰਗੇ ਪੈਰੀਂ
ਅਣਖ ਦਾ ਮਾਣ ਗੁਆ ਨਦੀ

ਪਾਗਲ ਕੁੜੀਏ!
ਦੁੱਖ ਤੇ ਸੁਖ ਵਿਚ ਕੰਧ ਨਈਂ ਕੋਈ
ਜਿੰਦ ਜੰਗਲ਼ ਦਾ ਡੂੰਘਾ ਪੈਂਡਾ
ਨਾ ਹੋਵਣ ਤੋਂ ਹੋਣ ਦਾ ਲੇਖਾ
ਲਾਗ ਦੇ ਲੜ ਨੂੰ ਫੜ ਕੇ ਕੁੜੀਏ