ਹੀਰ ਵਾਰਿਸ ਸ਼ਾਹ

ਤੂੰ ਤਾਂ ਚਾਕ ਸਿਆਲਾਂ ਦਾ ਨਾਉਂ ਧੀਦੋ

ਤੂੰ ਤਾਂ ਚਾਕ ਸਿਆਲਾਂ ਦਾ ਨਾਉਂ ਧੀਦੋ
ਛੱਡ ਖਿਚਰਿਓਂ ਗੋਲ ਹਨਜਾਰ ਦੇ ਜੀ

ਮੱਝੀਂ ਚੂਚਕੇ ਦੀਆਂ ਜਦੋਂ ਚਾਰਦਾ ਸੀਂ
ਜੱਟੀ ਮਾਨ ਦਾ ਸੀਂ ਵਿਚ ਬਾਰ ਦੇ ਜੀ

ਤੇਰਾ ਮਹਿਣਾ ਹੀਰ ਸਿਆਲ਼ ਤਾਈਂ
ਖ਼ਬਰ ਆਮ ਸੀ ਵਿਚ ਸੰਸਾਰ ਦੇ ਜੀ

ਨੱਸ ਜਾ ਇਥੋਂ ਮਾਰ ਸੁੱਟਣੀਗੇ
ਖੜੇ ਅੱਤ ਚੜ੍ਹੇ ਭਰੇ ਭਾਰ ਦੇ ਜੀ

ਦੇਸ ਖੇੜਿਆਂ ਦੇ ਜ਼ਰਾ ਖ਼ਬਰ ਹੋਵੇ
ਜਾਣ ਤਖ਼ਤ ਹਜ਼ਾਰੇ ਨੂੰ ਮਾਰਦੇ ਜੀ

ਭੱਜ ਜਾ ਮੱਤਾਂ ਖਿੜੇ ਲਾਧ ਕਰਨੀ
ਪਿਆਦੇ ਬਣਾ ਲੈ ਜਾਣ ਸਰਕਾਰ ਦੇ ਜੀ

ਮਾਰ ਚੂਰ ਕਰ ਸੁੱਟਣੀ ਹੱਡ ਗੋਡੇ
ਮੁਲਕ ਗੋਰ ਅਜ਼ਾਬ ਕਹਾਰ ਦੇ ਜੀ

ਵਾਰਿਸ ਸ਼ਾਹ ਜਿਵੇਂ ਗੋਰ ਵਿਚ ਹੱਡ ਕੜਕਣ
ਗਰਜ਼ਾਂ ਨਾਲ਼ ਆਸੀ ਗੁਣਹਗਾਰ ਦੇ ਜੀ