ਹੀਰ ਵਾਰਿਸ ਸ਼ਾਹ

ਮਦਹ ਪੀਰ ਦੀ ਹੁੱਬ ਦੇ ਨਾਲ਼ ਕੀਜੇ

ਮਦਹ ਪੀਰ ਦੀ ਹੁੱਬ ਦੇ ਨਾਲ਼ ਕੀਜੇ
ਜੀਂ ਦੇ ਖ਼ਾਦਮਾਂ ਦੇ ਵਿਚ ਪੀਰੀਆਂ ਨੀ

ਬਾਝ ਏਸ ਜਨਾਬ ਦੇ ਬਾਰ ਨਾਹੀਂ,
ਲੱਖ ਢੂੰਡਦੇ ਫਿਰਨ ਫ਼ਕੀਰੀਆਂ ਨੀ

ਜਿਹੜੇ ਪੀਰ ਦੀ ਮਿਹਰ ਮਨਜ਼ੂਰ ਹੋਏ
ਘਰ ਤਿਨ੍ਹਾਂ ਦੇ ਪੀਰੀਆਂ ਮੀਰੀਆਂ ਨੀ

ਰੋਜ਼ ਹਸ਼ਰ ਦੇ ਪੀਰ ਦੇ ਤਾਲਿਬਾਂ ਨੂੰ
ਹੱਥ ਸਜੜੇ ਮਿਲਣ ਗੀਆਂ ਚੀਰੀਆਂ ਨੀ