ਹੀਰ ਵਾਰਿਸ ਸ਼ਾਹ

ਹੀਰ ਜਾਨ ਬਾਹੱਕ ਤਸਲੀਮ ਹੋਈ

ਹੀਰ ਜਾਨ ਬਾਹੱਕ ਤਸਲੀਮ ਹੋਈ
ਸਿਆਲਾਂ ਦਫ਼ਨ ਕਰ ਕੇ ਖ਼ਤ ਲਿਖਾਇਆ ਈ

ਵਲੀ ਗ਼ੌਸ ਤੇ ਕੁਤਬ ਸਭ ਖ਼ਤਮ ਹੋਏ
ਮੌਤ ਸੱਚ ਹੈ ਰੱਬ ਫ਼ਰਮਾਇਆ ਈ

ਕੱਲ੍ਹ ਸ਼ੈਅ ਹਾਲਕ ਅੱਲਾ ਵਜਾ
ਹੁਕਮ ਵਿਚ ਕੁਰਆਨ ਦੇ ਆਇਆ ਈ

ਅਸਾਂ ਸਬਰ ਕੀਤਾ ਤੁਸਾਂ ਸਬਰ ਕਰਨਾ
ਇਹ ਧੁਰੋਂ ਹੀ ਹੁੰਦੜ ਅ ਆਇਆ ਈ

ਅਸਾਂ ਹੋਰ ਉਮੀਦ ਸੀ ਹੋਰ ਹੋਈ
ਖ਼ਾਲੀ ਜਾਏ ਉਮੀਦ ਫ਼ਰਮਾਇਆ ਈ

ਇਹ ਰਜ਼ਾ ਕਤਈ ਨਾ ਟਿੱਲੇ ਹਰਗਿਜ਼
ਲੱਖ ਆਦਮੀ ਤੁਰਤ ਭਜਾਇਆ ਈ

ਡੇਰਾ ਪੁੱਛ ਕੇ ਧੀਦੋ ਦਾ ਜਾ ਵੜਿਆ
ਖ਼ਤ ਰੋਈਕੇ ਹੱਥ ਫੜਾਇਆ ਈ

ਇਹ ਰੋ ਵਿੰਨ੍ਹ ਖ਼ਬਰ ਕੀ ਲਿਆਯਾਈ
ਮੂੰਹ ਕਾਸ ਥੋਂ ਬੁਰਾ ਬਣਾਇਆ ਈ

ਮਾਅਜ਼ੂਲ ਹੋਵਿਉਂ ਤਖ਼ਤ ਜ਼ਿੰਦਗੀ
ਥੋਂ ਫ਼ਰਮਾਨ ਤਗ਼ੀਰ ਦਾ ਆਇਆ ਈ

ਮੇਰੇ ਮਾਲ ਨੂੰ ਖ਼ੈਰ ਹੈ ਕਾਸਦਾਵ
ਆਖ ਕਾਸਨੂੰ ਡੁਸਕਣਾ ਲਾਇਆ ਈ

ਤੇਰੇ ਮਾਲ ਨੂੰ ਧਾੜ ਵੀ ਉਹ ਪਿਆ
ਜਿਸ ਤੋਂ ਕਿਸੇ ਨਾ ਮਾਲ ਛੁਡਾਇਆ ਈ

ਹੀਰ ਮੋਈ ਨੂੰ ਅਠਵਾਂ ਪਹਿਰ ਹੋਇਆ
ਮੈਨੂੰ ਸਿਆਲਾਂ ਨੇ ਅੱਜ ਭਜਾਇਆ ਈ

ਵਾਰਿਸ ਸ਼ਾਹ ਮੀਆਂ ਗੱਲ ਠੀਕ ਜਾਨੈਂ
ਤਿਥੇ ਕੂਚ ਦਾ ਆਦਮੀ ਆਇਆ ਈ