ਇਕ ਅਨੋਖਾ ਖ਼ਾਬ ਮੈਂ ਤੱਕਿਆ
ਉਹਦੇ ਵਿਚ ਮੈਂ ਮਾਂ ਨੂੰ ਤੱਕਿਆ

ਰੂਪ ਅਜਿਹਾ ਤੱਕ ਕੇ ਰਹਿ ਗਈ
ਰੂਪ ਨੂਰਾਨੀ ਤੱਕ ਕੇ ਰਹਿ ਗਈ

ਜਿਵੇਂ ਕੋਈ ਖ਼ੁਸ਼ਬੂ ਦਾ ਝੌਂਕਾ
ਕੋਲ਼ ਸੀ ਮੇਰੇ ਮਹਿਕਾ ਮਹਿਕਾ

ਜਿਵੇਂ ਬਾਰਿਸ਼ ਦੇ ਕੁੱਝ ਕਤਰੇ
ਸਾਫ਼ ਸ਼ਫ਼ਾਫ਼ ਤੇ ਸ਼ੀਸ਼ੇ ਵਰਗੇ

ਜਿਵੇਂ ਪੱਥਰਾਂ ਦੇ ਵਿਚ ਕੋਈ
ਫੁੱਲ ਸੀ ਕੋਈ ਛੋਹੀ ਮੋਈ

ਜਿਵੇਂ ਪਾਕ ਮਜ਼ਾਰ ਦੇ ਪਰਦੇ
ਜਿਵੇਂ ਜ਼ਮਜ਼ਮ ਕੂਜ਼ਾ ਛਿਲਕੇ

ਜਿਵੇਂ ਹੁਮਾ ਅਸਮਾਨਾਂ ਉੱਤੇ
ਲੇਖ ਜਗਾਏ ਸੁੱਤੇ ਸੁੱਤੇ

ਹਵਾਲਾ: ਉਡੀਕਾਂ, ਸੁਚੇਤ ਕਿਤਾਬ ਘਰ 2009؛ ਸਫ਼ਾ 52 ( ਹਵਾਲਾ ਵੇਖੋ )