ਦਿਨ ਰੀਣ ਦਿਲ ਮਖ਼ਮੂਰ ਵੇ

ਦਿਨ ਰੀਣ ਦਿਲ ਮਖ਼ਮੂਰ ਵੇ
ਹਰ ਆਨ ਜ਼ੌਕ ਸਰੂਰ ਵੇ

ਵਾਹ ਫ਼ਕ਼ਰ ਦੇ ਦਸਤੂਰ ਵੇ
ਵਾਹ ਬੇ ਖ਼ੁਦੀ ਦਾ ਪੂਰ ਵੇ

ਥੀਆ ਮਹਿਵ ਅਕਲ ਸ਼ਊਰ ਵੇ
ਗਿਆ ਫ਼ਰਕ ਗ਼ੈਬ ਹਜ਼ੂਰ ਵੇ

ਥਈ ਵਾਹਮਾ ਮਕਹੋਰ ਵੇ
ਥੀਆ ਨਫ਼ਸ ਮਹਿਜ਼ ਸਬੂਰ ਵੇ

ਥਈ ਕਲੱਬ ਅਬਦ ਸ਼ਕੂਰ ਵੇ
ਜਜ਼ਬੋਂ ਭਰੀ ਮਾਅਮੂਰ ਵੇ

ਵਾਹ ਕੀਤਾ ਇਸ਼ਕ ਜ਼ਹੂਰ ਵੇ
ਥੀਆ ਗ਼ੈਰ ਕੁੱਲ ਮਸਤੋਰ ਵੇ

ਜ਼ੁਲਮਤ ਡਸੇ ਸਭ ਨੂਰ ਵੇ
ਹਰ ਜਾ ਤਜਲੀ ਤੋਰ ਵੇ

ਥੀ ਮਸਤ ਜਾਮ ਤਹੋਰ ਵੇ
ਆਖੋਂ ਲੁਗ਼ਾਤ ਤੇਵਰ ਵੇ

ਜੀਂ ਸਮਝਿਆ ਇਹ ਮਜ਼ਕੂਰ ਵੇ
ਬੇਸ਼ੱਕ ਥੀਆ ਮਨਸੂਰ ਵੇ

ਸੱਟ ਸੋਹਣਾ ਯਾਰ ਗ਼ਰੂਰ ਵੇ
ਬਿੱਠ ਜ਼ੁਲਮ ਕਹਿਰ ਕਲੋਰ ਵੇ

ਕਰ ਲੁਤਫ਼ ਮਿਹਰ ਜ਼ਰੂਰ ਵੇ
ਹੈ ਯਾਰ ਸਖ਼ਤ ਗ਼ੈਵਰ ਵੇ

ਰਹਿ ਆਪਣੇ ਆਪ ਤੋਂ ਦੂਰ ਵੇ
ਥੀ ਕਰਬ ਵਿਚ ਮਸਰੂਰ ਵੇ

ਹਵਾਲਾ: ਆਖਿਆ ਮੀਆਂ ਜੋਗੀ ਨੇ; ਆਸਿਫ਼ ਖ਼ਾਨ; ਸਫ਼ਾ 193 ( ਹਵਾਲਾ ਵੇਖੋ )