ਤੇਰੇ ਮੈਕਦੇ ਅੱਗੇ ਮੁਸਾਫ਼ਰਾਂ ਤੇ
ਆ ਲੱਥੀ ਹੈ ਸਫ਼ਰ ਦੀ ਸ਼ਾਮ ਸਾਕੀ

ਤੇਰੇ ਮੈਕਦੇ ਦਾ ਬੜਾ ਜ਼ਿਕਰ ਸੁਣਿਆ
ਬੜਾ ਸੁਣਿਆ ਹੋਇਆ ਤੇਰਾ ਨਾਮ ਸਾਕੀ

ਮਾਰੇ ਕੱਟੇ ਹਾਂ ਮੰਜ਼ਿਲਾਂ ਭਾਰੀਆਂ ਦੇ
ਪਿਆਸੇ ਹਾਂ ਅਸੀਂ ਤਮਾਮ ਸਾਕੀ

ਆਪਣੀ ਸਭ ਤੋਂ ਵਧੀਆ ਸ਼ਰਾਬ ਵਾਲਾ
ਭਰ ਭਰ ਦਈ ਜਾ ਜਾਮ ਤੇ ਜਾਮ ਸਾਕੀ

ਝੱਖੜ ਝੁੱਲਦੇ ਪਏ ਬਦਅਮਨੀਆਂ ਦੇ
ਘਰੋ ਘਿਰੀ ਹੈ ਨਵਾਂ ਕੁਹਰਾਮ ਸਾਕੀ

ਦੂਰ ਪਿੱਛੇ ਵੀ ਕੋਈ ਚੰਗਾ ਨਈਂ ਡਿੱਠਾ
ਦੂਰ ਅੱਜ ਦਾ ਬਹੁਤ ਬਦਨਾਮ ਸਾਕੀ

ਦੁਨੀਆਂ ਲਮਕਦੀ ਲਮਕਦੀ ਲਮਕ ਜਾਣੀ
ਪਿਆ ਦੱਸਦਾ ਸਾਫ਼ ਅੰਜਾਮ ਸਾਕੀ

ਦੁਨੀਆਂ ਡੱਬ ਜਾਨੀ, ਹਰ ਸ਼ੈ ਮੁੱਕ ਜਾਣੀ
ਰਹਿ ਜਾਈਗਾ ﷲ ਦਾ ਨਾਮ ਸਾਕੀ

ਤ੍ਰਹਿ ਅਜ਼ਲਾਂ ਦੀ ਅੰਦਰ ਪਿਆਸੀਆਂ ਦੇ
ਫ਼ੈਜ਼ ਅਪਣਾ ਕਰ ਅੱਜ ਆਮ ਸਾਕੀ

ਪੱਲੇ ਦਾਮ ਨਹੀਂ ਤੈਨੂੰ ਦੇਣ ਜੋਗੇ
ਕਰ ਕੇ ਰੱਖ ਲਈਂ ਸਾਨੂੰ ਗ਼ੁਲਾਮ ਸਾਕੀ

ਇਕ ਹੁਸਨ ਤੇਰਾ ਦੂਜਾ ਕੁਰਬ ਤੇਰਾ
ਤੀਜਾ ਤੇਜ਼ ਸ਼ਰਾਬ ਦਾ ਜਾਮ ਸਾਕੀ

ਏਦੋਂ ਵੱਧ ਨਾ ਕੋਈ ਬਹਿਸ਼ਤ ਹੋਣਾ
ਏਦੋਂ ਵੱਧ ਨਾ ਕੋਈ ਇਨਾਮ ਸਾਕੀ

ਮਿਲ ਪਾਉਣ ਨਾ ਕਦੀ ਫ਼ਕੀਰ ਉਸਦਾ
ਬੱਸ ਤਲਬ ਦੀ ਬਾਂਹ ਉਲਾਰ ਦੇਵਨ

ਹੋਵੇਂ ਤੋਂ ਜੇ ਗਾਹਕ ਤੇ ਵਿਕ ਜਾਈਏ
ਅਸੀਂ ਵਿਚ ਬਾਜ਼ਾਰ ਬੇ ਦਾਮ ਸਾਕੀ

ਸਿਦਕ ਵੇਖ ਲਈਂ ਆਸ਼ਿਕਾਂ ਸਾਦਿਕਾਂ ਦਾ
ਤੇਰੀ ਤਲਬ ਵਿਚ ਖ਼ਾਕ ਦਰ ਖ਼ਾਕ ਹੋਸਨ

ਤੇਰੇ ਨਾਮ ਦਾ ਬਕਲਾ ਮਾਰ ਕੇ ਤੇ
ਹੋਣ ਨਾਮਵਰ ਤੋਂ ਬੇਨਾਮ ਸਾਕੀ

ਹਰ ਰਾਤ ਦੇ ਬਾਅਦ ਹੈ ਦਿਨ ਚੜ੍ਹਦਾ
ਇਹ ਅਸੂਲ ਫ਼ਿਤਰਤ ਦਾ ਤੇ ਸਾਇੰਸ ਦਾ ਹੈ

ਸਾਡੀ ਰਾਤ ਦੇ ਬਾਅਦ ਨਹੀਂ ਦਿਨ ਚੜ੍ਹਿਆ
ਸਾਡੇ ਰਹੀ ਹੈ ਰਾਤ ਮੁਦਾਮ ਸਾਕੀ

ਪੌੜੀ ਕੁਫ਼ਰ ਦੀ ਚੜ੍ਹ ਕੇ ਲੋਹਾ ਆਏ
ਕਈ ਚੋਰਾਂ ਤੋਂ ਕੁਤਬ ਮਸ਼ਹੂਰ ਹੋਏ

ਜਿਸ ਤੇ ਕਰਮ ਦੀ ਨਜ਼ਰ ਤੇਰੀ ਪੇ ਜਾਵੇ
ਅੰਤ ਉਸਦਾ ਖ਼ੈਰ ਅੰਜਾਮ ਸਾਕੀ

ਸਾਕੀ ਨਾਮਾ ਲਿਖਣ ਦਾ ਸ਼ੌਕ ਤੈਨੂੰ
ਰੋਈਂ ਸ਼ਕਲ ਨੂੰ ਅਫ਼ਜ਼ਲਾ ਅਹਸਨਾ ਓਏ

ਬਹਿ ਜਾ ਸਾਕੀ ਦੇ ਗੋਡੇ ਮੁੱਢ ਜਾ ਕੇ
ਘੁਲਣ ਲੱਗ ਪਏਗਾ ਇਲਹਾਮ ਸਾਕੀ

ਚੱਲ ਖੋਲੀਏ ਬਾਬ ਉਦਾਸੀਆਂ ਦੇ
ਕਰੀਏ ਸਫ਼ਰ ਦਾ ਨਵਾਂ ਸਾਮਾਨ ਸਾਕੀ

ਤੇਰਾ ਮੀਕਦਾ ਚੱਕ ਲੈ ਨਾਲ਼ ਚਲੀਏ
ਸਫ਼ਰ ਰਹੇਗਾ ਬੜਾ ਆਸਾਨ ਸਾਕੀ

ਕਲਮੇ! ਢੂੰਡੀਏ ਕਾਫ਼ੀਏ ਹੋਰ ਕਿਧਰੋਂ
ਵਧੇ ਹੋਰ ਤੇਰੇ ਨਾਮੇ ਦੀ ਸ਼ਾਨ ਸਾਕੀ

ਤੇਰੇ ਹੁਸਨ ਨੂੰ ਹੋਰ ਕੁੱਝ ਖੋਲ੍ਹ ਦੇਈਏ
ਹੋਏ ਹੋਰ ਜ਼ਰਾ ਮੇਰਾ ਬਿਆਨ ਸਾਕੀ

ਜਿਥੇ ਮੁੱਕਣੀ ਗੱਲ ਓਥੋਂ ਸ਼ੁਰੂ ਕਰੀਏ
ਕਰ ਸੁਨਾਣ ਦਾ ਹੋਰ ਸਾਮਾਨ ਸਾਕੀ

ਪਿਆਲੇ ਭਰ ਭਰ ਰੱਖਦਾ ਜਾ ਅੱਗੇ
ਖ਼ੁਸ਼ਕ ਹੋਵੇ ਨਾ ਮੇਰੀ ਜ਼ਬਾਨ ਸਾਕੀ

ਕਿੰਨੇ ਰੱਤ ਦੇ ਲੰਘ ਦਰਿਆ ਆਏ
ਕਿੰਨੇ ਹੋਏ ਸਾਡੀ ਰੱਤ ਦੇ ਘਾਣ ਸਾਕੀ

ਚੀਰੋ-ਚੀਰੋ ਜੁੱਸਾ ਲੀਰੋ-ਲੀਰ ਲੀੜੇ
ਵੇਖ ਲਬਾਂ ਤੇ ਆ ਖੁੱਲੀ ਜਾਨ ਸਾਕੀ

ਜਿਥੋਂ ਟੁਰੇ ਸਾਂ ਓਥੇ ਹੀ ਪਏ ਫਿਰੀਏ
ਖੋ ਪੀ ਢਾਂਡ ਜਿਵੇਂ ਕਿਸੇ ਖ਼ਰਾਸ ਦੇ ਹਾਂ

ਰਾਹ ਮੁੱਕਦੇ ਨਈਂ ਸਾਹ ਮੁੱਕ ਚਲੇ
ਨਈਂ ਮੰਜ਼ਿਲ ਦਾ ਅਜੇ ਨਿਸ਼ਾਨ ਸਾਕੀ

ਦਿਲ ਟੁੱਟਦਾ ਟੁੱਟਦਾ ਟੁੱਟ ਰਿਹਾ
ਜਾਣ ਨਿਕਲਦੀ ਨਿਕਲਦੀ ਨਿਕਲ ਚਲੀ

ਜੇ ਨਾ ਹੋਇਆ ਅੱਜ ਦੀਦਾਰ ਤੇਰਾ
ਸਮਝੀਂ ਨਿਕਲ ਗਈ ਸਾਡੀ ਜਾਨ ਸਾਕੀ

ਆਗੂ ਬਣ ਗਏ ਆਗੂ ਡਾਕਵਾਂ ਦੇ
ਲੁੱਟਮਾਰ ਘਰਾਂ ਵਿਚ ਆਮ ਹੋਈ

ਇਥੇ ਦਾਦ ਫ਼ਰਿਆਦ ਨਾ ਸੁਣੇ ਕੋਈ
ਆਗੂ, ਪੁਲਸ, ਡਾਕੂ ਇਕ ਜਾਨ ਸਾਕੀ

ਪਿਆ ਅਦਬ ਵੇਚਾਂ ਬਿਲ ਤਾਰਨੇ ਨੂੰ
ਤਾਂ ਵੀ ਘਰ ਦੇ ਬਿਲ ਨਾ ਤਾਰ ਹੁੰਦੇ

ਪਹਿਲੋਂ ਅਦਬ ਦੇ ਗਾਹਕ ਉਥੇ ਹੁਣ ਕਿੰਨੇ
ਦੂਜੇ ਅਦਬ ਤੇ ਪੈਸਾ ਨਹੀਂ ਹਾਣ ਸਾਕੀ

ਤੇਰੀਆਂ ਅੱਖਾਂ ਚਿ ਡੁੱਬ ਕੇ ਮਰ ਰਹੀਏ
ਬਾਹਰ ਕੱਢੇ ਨਾ ਕੋਈ ਸਮੁੰਦਰਾਂ ਚੋਂ

ਹੋਈਏ ਜ਼ਾਤ ਦੇ ਵਿਚ ਫ਼ਨਾ ਫ਼ੀ ਅੱਲ੍ਹਾ
ਕੋਈ ਹੋਏ ਨਾ ਸਾਡਾ ਨਿਘਬਾਨ ਸਾਕੀ

ਛੱਡ ਦੁੱਖ ਸਾਡੇ ਕਿਥੋਂ ਤੀਕ ਸੁਣਨੇ
ਮੱਤ ਮਾਰੀਏ ਦੇ ਸ਼ਰਾਬ ਵਾਫ਼ਰ

ਭੁੱਲ ਜ਼ਾਵੀਏ ਕੂੜ ਕੁੜੱਤਣਾਂ ਨੂੰ
ਪਏ ਪੀਵੀਏ ਤੇਰੀ ਮੁਸਕਾਨ ਸਾਕੀ

ਪੱਕੇ ਡੇਰੇ ਖ਼ਿਜ਼ਾਂ ਨੇ ਆਨ ਲਾਏ
ਲਗਦਾ ਰੁੱਸ ਗਈ ਸਾਥੋਂ ਬਹਾਰ ਸਾਕੀ

ਕਿਤੇ ਰੌਸ਼ਨੀ ਜ਼ਰਾ ਨਈਂ ਨਜ਼ਰ ਆਉਂਦੀ
ਚਾਰੋਂ ਤਰਫ਼ ਹਨੇਰ ਗ਼ੁਬਾਰ ਸਾਕੀ

ਘਰ ਅੰਮਾਂ ਨਹੀਂ, ਬਾਹਰ ਅੰਮਾਂ ਨਾਹੀਂ
ਹੋਈ ਜ਼ਿੰਦਗੀ ਸਖ਼ਤ ਦੁਸ਼ਵਾਰ ਸਾਕੀ

ਗੱਲ ਪਿਆਲੇ ਗਲਾਸ ਤੋਂ ਵੱਧ ਗਈ ਏ
ਦੇ ਘੜਾ ਸਾਨੂੰ ਪਹਿਲੇ ਤੋੜ ਵਾਲਾ

ਜਿਸ ਵਿਚ ਡੋਬੀਏ ਫ਼ਿਕਰ ਜ਼ਮਾਨਿਆਂ ਦੇ
ਜਿਸ ਵਿਚ ਡੋਬੀਏ ਗ਼ਮ ਹਜ਼ਾਰ ਸਾਕੀ

ਜਿਸ ਵਿਚ ਡੋਬੀਏ ਉਮਰ ਬੇਕਾਰ ਗਈ ਹੋਈ
ਜਿਸ ਵਿਚ ਡੋਬੀਏ ਇਸ਼ਕ ਨਾਕਾਮ ਹੋਏ

ਜਿਸ ਵਿਚ ਡੋਬੀਏ ਟੁੱਟੀਆਂ ਯਾਰੀਆਂ ਦੇ
ਸਾਰੇ ਟੁੱਟ ਗਏ ਕੁੱਲ ਕਰਾਰ ਸਾਕੀ

ਦੁੱਖ ਵਧਦੀਆਂ ਬੇਰੋਜ਼ਗਾਰੀਆਂ ਦੇ
ਲੱਖਾਂ ਚੁੱਲ੍ਹਿਆਂ ਦੇ ਠੰਡਾ ਹੋਣ ਵਾਲੇ

ਪੜ੍ਹੇ ਲਿਖੇ ਬੇਕਾਰ ਖੂਹ ਮੋਹ ਕਰਦੇ
ਲੁੱਟਦੀ ਸੜਕਾਂ ਦੇ ਅਤੇ ਸਰਕਾਰ ਸਾਕੀ

ਖੂਹ ਮੋਹ ਦਾ ਅਜਬ ਇਕ ਸਿਲਸਿਲਾ ਹੈ
ਢਿੱਡ ਢਿੱਡ ਨੂੰ ਹੀ ਪਿਆ ਖਾਈ ਜਾਂਦਾ

ਪੱਤਰ ਮਾਵਾਂ ਨੂੰ ਲੁੱਟ ਕੇ ਲਏ ਜਾਂਦੇ
ਵੀਰ ਭੈਣਾਂ ਤੋਂ ਸਖ਼ਤ ਆਵਾਜ਼ਾਰ ਸਾਕੀ

ਨਹੀਂ ਸੁੰਘਣ ਨੂੰ ਵੀ ਇਨਸਾਫ਼ ਮਿਲਦਾ
ਹਾਕਮ ਬਣੇ ਕਸਾਈ ਨਵੀਂ ਗੱਲ ਤੇ ਨਈਂ

ਪੈਸੇ ਵਾਲੇ ਲਈ ਨਈਂ ਕਾਨੂੰਨ ਹੁੰਦਾ
ਪਹੁੰਚ ਲਈ ਨਈਂ ਕੁੱਝ ਦੁਸ਼ਵਾਰ ਸਾਕੀ

ਦੇ ਦੇ ਦਰਸ ਇਨਸਾਫ਼ ਬਰਾਬਰੀ ਦੇ
ਸਾਰੇ ਨਜ਼ਰੀਏ ਮਜ਼ਹਬ ਤੇ ਦੇਣ ਗਏ

ਵੇਖ ਤੱਕ ਨਤੀਜਾ ਜਹਾਨ ਅੰਦਰ
ਨਹੀਂ ਪੜ੍ਹਨ ਦੀ ਲੋੜ ਅਖ਼ਬਾਰ ਸਾਕੀ

ਮਾਫ਼ੀ ਮੇਰੀਆਂ ਤਲਖ਼ ਕਲਾਮੀਆਂ ਦੀ
ਅੱਜ ਪੇੜ ਕੁੱਝ ਵੱਧ ਹੈ ਨਸ਼ੇ ਨਾਲੋਂ

ਸੱਟ ਲੇਨ ਦੇ ਦਸ ਗਲਾਸ ਅੰਦਰ
ਹੋ ਜਾਈਗਾ ਸਭ ਇਕਸਾਰ ਸਾਕੀ

ਕੀ ਸ਼ੈ ਮਾਰਨੇ ਨੂੰ ਦਾਰੂ ਪੀਵਨੇ ਹਾਂ
ਅੱਜ ਤੱਕ ਨਈਂ ਇਸਦਾ ਪਤਾ ਲੱਗਾ

ਹਾਂ ਪੀ ਕੇ ਕੁੱਝ ਚਿਰ ਭੁੱਲ ਜਾਂਦੀ
ਤੇਰੀ ਦੁਨੀਆਂ ਦੀ ਹਾਲਤ-ਏ-ਜ਼ਾਰ ਸਾਕੀ

ਤੂੰ ਸਾਹਮਣੇ ਹੋਵੇਂ ਤੇ ਹੋ ਜਾਂਦਾ
ਨਸ਼ਾ ਦੋ ਗੁਣਾ, ਚੌਗੁਣਾ, ਅੱਠ ਗੁਣਾ

ਕਈ ਦਿਨ ਬਾਅਦ ਵੀ ਤੇ ਫੇਰ ਰਹੇ ਚੜ੍ਹਿਆ
ਤੇਰੇ ਨਸ਼ੇ ਦਾ ਇਹ ਖ਼ੁਮਾਰ ਸਾਕੀ

ਇਹਦੇ ਵਿਚ ਨਈਂ ਕੋਈ ਵਡਿਆਈ ਮੇਰੀ
ਮੇਰੇ ਸਾਕੀ ਦੇ ਜ਼ਰਫ਼ ਦੀ ਬਾਤ ਹੈ ਇਹ

ਸਾਡੇ ਜਿਹੇ ਬਦਹਾਲ ਕਲੰਦਰਾਂ ਤੋਂ
ਹੁੰਦਾ ਕਦੇ ਵੀ ਨਈਂ ਬੇਜ਼ਾਰ ਸਾਕੀ

ਅਸੀਂ ਹੁਸਨ ਪ੍ਰਸਤ ਜ਼ਰੂਰ ਹੈ ਆਂ
ਅਸੀਂ ਹਵਸ ਪ੍ਰਸਤ ਜ਼ਰਾ ਭਰ ਨਹੀਂ

ਬਖ਼ਸ਼ਣ ਵਾਲੇ ਨੇ ਬਖ਼ਸ਼ਿਆਂ ਸਾਫ਼ ਨਜ਼ਰਾਂ
ਜਿਨ੍ਹਾਂ ਵਿਚ ਨਹੀਂ ਜ਼ਰਾ ਗ਼ੁਬਾਰ ਸਾਕੀ

ਵਸਲ ਕੱਟਣਾ ਕੋਈ ਬੜਾ ਕੰਮ ਨਹੀਂ
ਹਿਜਰ ਕੱਟਣਾ ਅਸਲ ਜਵਾਂ ਮਰਦੀ

ਹਿਜਰ ਲੀੜਿਆਂ ਵਾਂਗ ਹੰਢਾ ਵਿਨੇ ਹਾਂ
ਇਕ ਫੱਟੇ ਤੇ ਦੂਜਾ ਤਿਆਰ ਸਾਕੀ

ਪੱਲੇ ਜ਼ਰ ਨਹੀਂ, ਹੱਥ ਵਿਚ ਹੁਨਰ ਨਾਹੀਂ
ਅਸੀਂ ਆਏ ਜਹਾਨ ਤੇ ਲੇਨ ਕੀ ਸਾਂ

ਦਿੱਤਾ ਇਹੋ ਜਵਾਬ ਸਿਆਣਿਆਂ ਨੇ
ਹੁੰਦੇ ਬਰਦੇ ਵੀ ਨੇ ਦਰਕਾਰ ਸਾਕੀ

ਛੱਡ ਜ਼ਾਹਿਦਾ ਤੇਰੇ ਨੇਂ ਹੋਰ ਮਸਲੇ
ਸਾਡੇ ਰਿੰਦਾਂ ਦੇ ਹੋਰ ਮਾਮਲੇ ਨੇਂ

ਆਉਣ ਜਾਣ ਤੇਰਾ ਵੀ ਹੈ ਮੈਕਦੇ ਵਿਚ
ਤੇਰਾ ਕਰਦਾ ਨਈਂ ਇਤਬਾਰ ਸਾਕੀ

ਵਧੇ ਹੋਰ ਰੌਣਕ ਤੇਰੇ ਮੈਕਦੇ ਦੀ
ਨਾਲੇ ਹੋਏ ਦੋ ਚੰਦ ਜਮਾਲ ਤੇਰਾ

ਦੀਵਾ ਬਲਦਾ ਤੇਰਾ ਨਾ ਕਦੇ ਬੁਝੇ
ਝੱਲਣ ਪਏ ਹਨੇਰ ਹਜ਼ਾਰ ਸਾਕੀ

ਏਸ ਵਾਰ ਨਈਂ ਕੁਸ਼ਤੀ ਦਾ ਹੁਕਮ ਹੋਣਾ
ਏਸ ਵਾਰ ਨਹੀਂ ਓਸਨੇ ਬਾਂਹ ਫੜਨੀ

ਏਸ ਵਾਰ ਜੇ ਉਬਲ ਤਨੂਰ ਪਏ ਤੇ
ਰੁੜ੍ਹ ਜਾਈਗਾ ਕੁਲ ਜਹਾਨ ਸਾਕੀ