ਜਿੰਦੜੀਏ

ਜਿੰਦੜੀਏ!
ਆ ਖਿੜ ਖਿੜ ਰੋਈਏ
ਤੇ ਮਾਰ ਦੋ ਹਥਰ ਹੱਸੀਏ

ਇਹ ਜੀਵਨ ਨਹੀਂ ਸਾਡਾ ਜੀਵਨ
ਰੂਹ ਦੀ ਜੂਣੇ ਵੱਸੀਏ

ਬੀਨ ਵਜਾ ਓ ਜੋਗੀਆ
ਕਿਉਂ ਲਾਉਣਾ ਏ ਦੇਰ
ਸ਼ੂਕਣ ਸਾਹ ਸਪੂਲੀਏ
ਦਿਲ ਨੂੰ ਪੈ ਜਾਏ ਘੇਰ
ਭਰ ਜਾਂ ਨਾਲ਼ ਕੁੜੱਤਣਾਂ
ਜਿੰਦ ਨੂੰ ਆਖਾਂ ਫ਼ੇਰ
ਆਪਣੀ ਨਾਗਣ ਜਭਿ ਨੂੰ
ਅੱਖੀਆਂ ਦੇ ਵਿਚ ਫੇਰ
ਅਸੀਂ ਵੀ ਤੇਰੇ ਚੇਲੜੇ
ਗੁੱਗੇ ਪੀਰ ਨੂੰ ਦੱਸੀਏ
ਤੇ ਮਾਰ ਦੋ ਹਥੜ ਹੱਸੀਏ

ਉਮਰਾਂ ਜਿੰਨੇ ਪੰਧ ਨੇਂ
ਸਾਹਵਾਂ ਦੇ ਵਿਚਕਾਰ
ਕਦੀ ਤੇ ਆ ਕੇ ਸੂਰਜਾ
ਬਲਦਾ ਸੀਨਾ ਠਾਰ
ਅੱਖੀਂ ਸੁਰਮਾ ਜ਼ਹਰੀਆ
ਬੁਲ੍ਹੀਂ ਚੁੱਪ ਦਾ ਹਾਰ
ਸੰਮਿਆ ਜੀਵਨ ਜੋਗੀਆ
ਥਾਂ ਈ ਦਿਤਾ-ਏ ਮਾਰ

ਲਾਸ਼ਾਂ ਜਿੰਦੇ ਵੈਰ ਨੇ
ਮੋਡੀਂ ਚੁੱਕ ਕੇ ਨਸੀਏ
ਤੇ ਮਾਰ ਦੋ ਹਥੜ ਹੱਸੀਏ
ਜਿੰਦੜੀਏ!
ਆ ਖਿੜ ਖਿੜ ਰੋਈਏ

ਹਵਾਲਾ: ਨਾਲ਼ ਸੱਜਣ ਦੇ ਰਹੀਏ, ਅਫ਼ਜ਼ਲ ਸਾਹਿਰ; ਸਾਂਝ ਲਾਹੌਰ 2011؛ ਸਫ਼ਾ 12 ( ਹਵਾਲਾ ਵੇਖੋ )