ਧਰਤੀ ਨਾਲ਼ ਵਿਆਹੀ

ਧਰਤੀ ਨਾਲ਼ ਵਿਆਹੀ
ਸਖੀ! ਮੈਂ ਧਰਤੀ ਨਾਲ਼ ਵਿਆਹੀ
ਧਰਤੀ ਨਾਲ਼ ਵਿਆਹੀ
ਕੰਤ ਮੇਰਾ ਏ ਰੁੱਖ ਕਿੱਕਰ ਦਾ
ਨੰਦਾਂ ਸਰ੍ਹੋਂ ਫਲਾਹੀ

ਵਨ ਸਵੱਨੇ ਫੁੱਲ ਖ਼ੁਸ਼ਬੋਈ
ਮੇਰੀ ਕੁੱਖ ਚੋਂ ਫੁੱਟੇ
ਜ਼ਹਿਰੀ ਮਹਿਕ ਜਿਹਨਾਂ ਦੀ ਸੱਈਓ
ਸਾਹਵਾਂ ਦਾ ਗੱਲ ਘੁੱਟੇ

ਇੰਜ ਲਗਦਾ ਜਿਓਂ ਜੰਮਦੇ ਸਾਰ ਈ
ਫਿਰ ਗਈ ਲੇਖ ਸਿਆਹੀ
ਧਰਤੀ ਨਾਲ਼ ਵਿਆਹੀ!
ਸਖੀ! ਮੈਂ ਧਰਤੀ ਨਾਲ਼ ਵਿਆਹੀ

ਸੌਕਣ ਦਰਦੀ ਰੇਤ ਥਲਾਂ ਦੀ
ਮੇਰੇ ਵਾਲ਼ ਸ਼ਿੰਗਾਰੇ
ਦੀਵਾਰਾਂ ਵਰਗਾ ਹੜ੍ਹ ਸਾਉਣੀ ਦਾ
ਨੈਣ ਕਰੇਂਦਾ ਖਾਰੇ
ਰੋਜ਼ ਪੱਤਨ ਤੇ ਮਿਹਣੇ ਮਾਰਨ
ਆਉਂਦੇ ਜਾਂਦੇ ਰਾਹੀ
ਧਰਤੀ ਨਾਲ਼ ਵਿਆਹੀ!
ਸਖੀ! ਮੈਂ ਧਰਤੀ ਨਾਲ਼ ਵਿਆਹੀ

ਹਵਾਲਾ: ਨਾਲ਼ ਸੱਜਣ ਦੇ ਰਹੀਏ, ਅਫ਼ਜ਼ਲ ਸਾਹਿਰ; ਸਾਂਝ ਲਾਹੌਰ 2011؛ ਸਫ਼ਾ 47 ( ਹਵਾਲਾ ਵੇਖੋ )