ਜਿੰਦੇ ਨੀ

ਜਿੰਦੇ ਨੀ! ਤੂੰ ਕੀਕਣ ਜੰਮੀ
ਪੈਰ ਪੈਰ ਤੇ ਨਿੱਤ ਬਖੇੜੇ
ਜੀਵਨ ਦੀ ਰਾਹ ਲੰਮੀ
ਜਿੰਦੇ ਨੀ! ਤੂੰ ਕੀਕਣ ਜੰਮੀ

ਜਿੰਦੇ ਨੀ! ਕੀ ਲੱਛਣ ਤੇਰੇ
ਫਨੀਅਰ ਨਾਲ਼ ਯਰਾਨੇ ਵੀ ਨੇਂ
ਜੋਗੀ ਵੱਲ ਵੀ ਫੇਰੇ
ਜਿੰਦੇ ਨੀ! ਕੀ ਲੱਛਣ ਤੇਰੇ

ਜਿੰਦੇ ਨੀ! ਕੀ ਸਾਕ ਸਹੇੜੇ
ਇੱਕ ਬੁੱਕਲ ਵਿਚ ਰਾਂਝਣ ਮਾਹੀ
ਦੂਜੀ ਦੇ ਵਿਚ ਖਿੜੇ
ਜਿੰਦੇ ਨੀ! ਕੀ ਸਾਕ ਸਹੇੜੇ

ਜਿੰਦੇ ਨੀ ! ਕੀ ਕਾਰੇ ਕੀਤੇ
ਆਪੇ ਆਸ ਦੇ ਚੋਲੇ ਪਾੜੇ
ਆਪੇ ਬਹਿ ਕੇ ਸੀਤੇ!
ਜਿੰਦੇ ਨੀ ! ਕੀ ਕਾਰੇ ਕੀਤੇ

ਜਿੰਦੇ ਨੀ! ਤੱਕ ਚੇਤ ਵਿਸਾਖਾਂ
ਤੂੰ ਫਿਰਦੀ ਐਂ ਮੇਲ਼ ਕੁਚੈਲੀ
ਦਸ! ਤੈਨੂੰ ਕੀ ਆਖਾਂ!?
ਜਿੰਦੇ ਨੀ! ਤੱਕ ਚੇਤ ਵਿਸਾਖਾਂ

ਜਿੰਦੇ ਨੀ! ਤੈਨੂੰ ਕਿਹੜਾ ਦੱਸੇ
ਲੂੰ ਲੂੰ ਤੇਰਾ ਐਬਾਂ ਭਰਿਆ
ਮੌਤ ਵ ਟੀਨਦੀ ਰੱਸੇ
ਜਿੰਦੇ ਨੀ! ਤੈਨੂੰ ਕਿਹੜਾ ਦੱਸੇ

ਜਿੰਦੇ ਨੀ! ਤੇਰੇ ਸਾਹ ਨਕਾਰੇ
ਮੋਏ ਮੂੰਹ ਨਾਲ਼ ਆ ਬੈਠੀ ਐਂ
ਜੀਵਨ ਦੇ ਦਰਬਾਰੇ
ਜਿੰਦੇ ਨੀ! ਤੇਰੇ ਸਾਹ ਨਕਾਰੇ

ਜਿੰਦੇ ਨੀ! ਕੀ ਅਤਾਂ ਚਾਈਆਂ
ਹੱਸ ਖੇਡਣ ਦੀ ਵੇਲ੍ਹ ਨਾ ਤੈਨੂੰ
ਕਰਦੀ ਫਿਰੇਂ ਲੜਾਈਆਂ
ਜਿੰਦੇ ਨੀ! ਕੀ ਅਤਾਂ ਚਾਈਆਂ

ਜਿੰਦੇ ਨੀ! ਕੀ ਵੇਲੇ ਆਏ
ਇੱਕ ਦੂਜੇ ਦੀ ਜਾਨ ਦੇ ਵੈਰੀ
ਇੱਕੋ ਮਾਂ ਦੇ ਜਾਏ
ਜਿੰਦੇ ਨੀ! ਕੀ ਵੇਲੇ ਆਏ

ਜਿੰਦੇ ਨੀ! ਤੇਰੇ ਜੀਵਨ ਮਾਪੇ
ਆਪੇ ਹੱਥੀਂ ਡੋਲੀ ਚਾੜ੍ਹਨ
ਆਪੇ ਕਰਨ ਸਿਆਪੇ
ਜਿੰਦੇ ਨੀ! ਤੇਰੇ ਜੀਵਨ ਮਾਪੇ

ਜਿੰਦੇ ਨੀ! ਕਿਸ ਟੂਣੇ ਕੀਤੇ
ਦਿਲ ਦਰਿਆ ਤੇ ਨੈਣ ਸਮੁੰਦਰ
ਰੋਵਣ ਬੈਠੇ ਚੁੱਪ ਚੁਪੀਤੇ
ਜਿੰਦੇ ਨੀ! ਕਿਸ ਟੂਣੇ ਕੀਤੇ

ਹਵਾਲਾ: ਨਾਲ਼ ਸੱਜਣ ਦੇ ਰਹੀਏ, ਅਫ਼ਜ਼ਲ ਸਾਹਿਰ; ਸਾਂਝ ਲਾਹੌਰ 2011؛ ਸਫ਼ਾ 16