ਖ਼ੁਸ਼ ਬਖ਼ਤਾਂ ਨੇ ਨਿੱਘੇ-ਨਿੱਘੇ ਅੱਖਰ ਲੀਕ ਲਏ

ਖ਼ੁਸ਼ ਬਖ਼ਤਾਂ ਨੇ ਨਿੱਘੇ-ਨਿੱਘੇ ਅੱਖਰ ਲੀਕ ਲਏ
ਸਾਡੀਆਂ ਅੱਖਾਂ ਨੇ ਬਰਫ਼ੀਲੇ ਮਨਜ਼ਰ ਲੀਕ ਲਏ

ਖੰਭੇ ਵਾਂਗ ਖਲੋਵਣ ਦੇ ਜਦ ਲੋਕਾਂ ਮਾਰੇ ਬੋਲ
ਅੱਖਾਂ ਉੱਤੇ ਖੋਪੇ ਚਾੜੇ੍ਹ ਚੱਕਰ ਲੀਕ ਲਏ

ਹੋਣਾ ਚਾਹੀਦੈ ਦਿਲ ਅੰਦਰ ਕੋਈ ਇਬਾਦਤ ਘਰ
ਭਾਵੇਂ ਮਸਜਿਦ ਛੱਤੇ ਕੋਈ ਮੰਦਰ ਲੀਕ ਲਏ

ਅਜਲੋਂ ਲੇਖ ਥਲੋਚੀ ਸਾਡੇ, ਪਾਣੀ ਕੋਹਾਂ ਦੂਰ
ਸੱਜਣ ਆਏ ਤੇ ਪਲਕਾਂ ਤੇ ਅੱਥਰ ਲੀਕ ਲਏ

ਰੌਣਕ ਮੇਲਿਆਂ ਦੇ ਵਿਚ ਡਰਦਾ ਹੁਣ ਨਹੀਂ ਜਾਂਦਾ ਮੈਂ
ਕਿਧਰੇ ਫੇਰ ਨਾ ਦਿਲ ਕਮਲਾ ਕੋਈ ਸੱਧਰ ਲੀਕ ਲਏ

ਉਸ ਵੀ ਆਪਣੀ ਰੂਹ ਨੂੰ ਲਾ ਲਏ ਡਾਢੇ ਸੰਘਣੇ ਫੱਟ
ਮੈਂ ਵੀ ਆਪਣੇ ਜੁੱਸੇ ਉੱਤੇ ਹੰਟਰ ਲੀਕ ਲਏ

ਆਸ਼ਕਾਂ ਆਪਣੇ ਨਾਂ ਲਿਖਵਾ ਲਏ ਬੇਲੇ, ਥਲ, ਦਰਿਆ
ਅਕਲਾਂ ਵਾਲਿਆਂ 'ਆਤਿਫ਼' ਰਕਬੇ ਬੰਜਰ ਲੀਕ ਲਏ