ਚਾਨਣ ਦਿਆਂ ਛਿੱਟਾਂ

ਚਾਨਣ ਦਾ ਇਕ ਛੰਭ ਸੀ
ਤਾਰੇ ਝੱਜਰਾਂ ਭਰਦੇ ਚੁੱਕਣ ਵਹਿੰਗੀਆਂ
ਛਿੱਟਾ ਪਈਆਂ ਜਿੰਦ ਤੇ
ਚੇਤੇ ਆਈਆ ਗੱਲਾਂ ਜਿੰਦੋਂ ਮਹਿੰਗੀਆ

ਧਰਤੀ ਸੀ ਕੰਡਿਆਲੜੀ
ਅੰਬਰ ਪੱਲਾ ਅੜਿਆ ਖੁੰਘੀ ਆ ਗਈ
ਬੁੱਝ ਨੀ ਜਿੰਦੇ ਮੇਰੀਏ
ਲੰਘਦੀ ਲੰਘਦੀ ਰਾਤ ਕਹਾਣੀ ਪਾ ਗਈ

ਨਾਜ਼ੁਕ ਪੋਟੇ ਦਿਲਾਂ ਦੇ
ਕਿਰਨਾਂ ਚੋਭੀ ਸੂਈ, ਦੁੱਸਰ ਹੋ ਗਈ
ਯਾਦਾਂ ਭਾਂਬੜ ਬਾਲਿਆ
ਲੱਖ ਬਚਾਏ ਪੱਲੇ, ਕੰਨੀ ਛੋਹ ਗਈ

ਹਵਾਲਾ: ਕਾਗ਼ਜ਼ ਤੇ ਕੈਨਵਸ ਤੋਂ ਪਹਿਲਾਂ; ਸਫ਼ਾ 185 ( ਹਵਾਲਾ ਵੇਖੋ )