ਮਰਮਰ ਕੇ ਮੈਂ ਹਾੜੀ ਬੀਜੀ ਭਰ ਭਰ ਬੋਹਲ਼ ਲਗਾਏ
ਕਣਕਾਂ ਖੇਤ ਦੀਆਂ ਲੈ ਗਏ ਪੁੱਤਰ ਪਰਾਏ
ਕਣਕਾਂ ਖੇਤ ਦੀਆਂ

ਹੱਡ ਮੇਰੇ ਪਾਲੇ ਵਿਚ ਨੀਲੇ ਲੂਵਾਂ ਦੇ ਵਿਚ ਕਾਲੇ
ਇੱਕ ਜੋ ਬੁਰਕੀ ਫੜ ਕੇ ਤੱਕੀ ਹੱਥਾਂ ਦੇ ਵਿਚਕਾਲੇ
ਇੱਲਾਂ ਵਾਂਗ ਝਪੱਟਾ ਮਾਰਣ ਉੱਚਿਆਂ ਮਹਿਲਾਂ ਵਾਲੇ
ਗੱਲਾਂ ਪਿਆਰ ਦੀਆਂ ਕਰੀਂ ਨਾ ਸੱਜਣਾਂ ਹਾਲੇ
ਗੱਲਾਂ ਪਿਆਰ ਦੀਆਂ

ਇਹ ਧਰਤੀ ਮੈਂ ਗੋਡੀ ਕੀਤੀ ਇਹ ਧਰਤੀ ਮੈਂ ਵਾਹੀ
ਬੁਰਕੀ ਕਣਕਾਂ ਦੀ ਅਸਾਂ ਨਾ ਦੰਦੀ ਲਾਈ
ਬੁਰਕੀ ਕਣਕਾਂ ਦੀ

ਹਾਰ ਹਟ ਕੇ ਖੇਤ ਜੋ ਬੀਜੇ ਬੀਜ ਬੀਜ ਕੇ ਹਾਰੀ
ਮੈਲੀ ਤੇ ਕਸਮੈਲੀ ਹੋ ਗਈ ਸੂਹੀ ਮੇਰੀ ਫੁਲਕਾਰੀ
ਪਾਕੇ ਧੋਵਾਂ ਧੋ ਕੇ ਪਾਵਾਂ ਕੁੜਤਾ ਇਹ ਨਸਵਾਰੀ
ਉਮਰ ਬੀਤ ਗਈ ਇਹ ਸਾਰੀ ਦੀ ਸਾਰੀ

ਹਵਾਲਾ: ਕਾਗ਼ਜ਼ ਤੇ ਕੈਨਵਸ ਤੋਂ ਪਹਿਲਾਂ; ( ਹਵਾਲਾ ਵੇਖੋ )