ਕਿਸੇ ਨੇ ਸਾਡੀ ਬਾਤ ਨਾ ਪੁੱਛੀ, ਕਿਸੇ ਨਾ ਦਰਦ ਪਛਾਤੇ

ਕਿਸੇ ਨੇ ਸਾਡੀ ਬਾਤ ਨਾ ਪੁੱਛੀ, ਕਿਸੇ ਨਾ ਦਰਦ ਪਛਾਤੇ
ਦਰਦੀ ਨਹੀਂ ਜੇ ਇੱਕ ਦੂਜੇ ਦੇ ਕਾਹਦੇ ਰਿਸ਼ਤੇ ਨਾਤੇ

ਕਿਸ ਚਾਅ ਪਿੱਛੇ ਟੁਰ ਪਏ ਖ਼ਾਲੀ ਫੜ ਕੇ ਵਾਅ ਦੀ ਉਂਗਲੀ
ਕਿਸ ਉਮੀਦੇ ਛੱਡ ਆਏ ਸਾਂ ਵਿਹੜੇ ਭਰੇ-ਭਰਾਤੇ

ਨਾ ਉੱਪਰ ਅਸਮਾਨ ਅਸਾਡਾ ਨਾ ਥੱਲੇ ਕੋਈ ਧਰਤੀ
ਅਸਾਂ ਤੇ ਭਾਈਆ ਮੁੱਢ-ਕਦੀਮੋਂ ਬੇ-ਅਸਲੇ ਬੇ-ਜ਼ਾਤੇ

ਪੋਰ-ਪੋਰ ਵਿਚ ਸਿਮਦੀ ਜਾਵੇ, ਅੱਜ ਬੇਸੁਫ਼ਨੀ ਨੀਂਦਰ
ਕਿਸ ਕੰਮ ਆਏ ਸਾਂਭ ਕੇ ਰੱਖੇ ਵਰ੍ਹਿਆਂ ਦੇ ਜਗਰਾਤੇ

ਸ਼ਹਿਰ ਦੀਆਂ ਖ਼ਾਲੀ ਸੜਕਾਂ ਤੇ 'ਅੰਜੁਮ' ਕੱਲਮ-ਕੱਲਾ
ਨਾ ਫਿਰਿਆ ਕਰ ਲਾ-ਲਾ ਕੇ ਖ਼ੁਸ਼ਬੂਆਂ ਰਾਤ ਬਰਾਤੇ