ਉਹਦੇ ਕੋਲ ਜਵਾਬ ਨਹੀਂ ਉਹ ਤਾਂ ਨਹੀਂ ਆਉਂਦਾ

ਉਹਦੇ ਕੋਲ ਜਵਾਬ ਨਹੀਂ ਉਹ ਤਾਂ ਨਹੀਂ ਆਉਂਦਾ
ਅੱਜ ਕੱਲ ਫੇਰ ਬਨੇਰੇ ਉੱਤੇ ਕਾਂ ਨਹੀਂ ਆਉਂਦਾ

ਇਸ਼ਕ ਦੀ ਰਾਹ ਤੇ ਟੁਰਿਆ ਏਂ ਤਾਂ ਸੋਚ ਲਵੀਂ ਕਿ
ਇਸ ਰਾਹ ਉੱਤੇ ਕੋਈ ਸੁੱਖ ਗਰਾਂ ਨਹੀਂ ਆਉਂਦਾ

ਜੀਹਦੇ ਨਾਲ ਮੈਂ ਸ਼ਹਿਰ ਦੇ ਵਿਚ ਬਦਨਾਮ ਰਿਹਾ
ਉਹਨੂੰ ਹਾਲੇ ਤੀਕਰ ਮੇਰਾ ਨਾਂ ਨਹੀਂ ਆਉਂਦਾ

ਬੇ-ਫ਼ੈਜ਼ਾ ਸੱਜਣ ਏ ਇਸ ਬੱਦਲ ਦੇ ਵਾਂਗੂੰ
ਧੁੱਪਾਂ ਵਿਚ ਵੀ ਜਿਹੜਾ ਵੰਡਣ ਛਾਂ ਨਹੀਂ ਆਉਂਦਾ

ਹੋਣ ਨਾ ਜੇਕਰ ਆਸਿਫ਼ ਤਲੀਆਂ ਹੇਠ ਅੰਗਾਰੇ
ਕੁੱਝ ਵੀ ਕਰੀਏ ਪਲਕਾਂ ਹੇਠ ਝਨਾਂ ਨਹੀਂ ਆਉਂਦਾ