ਜੀ ਪੈਂਦਾ ਏ ਬੰਦਾ ਮੋਇਆ ਸੋਚ ਕੇ ਤੈਨੂੰ

ਜੀ ਪੈਂਦਾ ਏ ਬੰਦਾ ਮੋਇਆ ਸੋਚ ਕੇ ਤੇਨੂੰ
ਭਰ ਜਾਂਦਾ ਏ ਦਿਲ ਦਾ ਟੋਇਆ ਸੋਚ ਕੇ ਤੈਨੂੰ

ਪਹਿਰੇ ਉਤੇ ਪਹਿਰੇ ਲਾ ਕੇ ਬੈਠੀ ਸਾਂ ਪਰ
ਦਿਲ ਆਖਾਂ ਨਾਲ਼ ਰਲ਼ ਕੇ ਰੋਇਆ ਸੋਚ ਕੇ ਤੈਨੂੰ

ਸੁਖ ਦਾ ਵੇਲ਼ਾ ਕਸਮੇਂ ਰੱਬ ਦੀ ਸੁਖ ਦਾ ਵੇਲ਼ਾ
ਮੈਂ ਕਿਸਮੱਤ ਦੇ ਹੱਥੋਂ ਖੋਇਆ ਸੋਚ ਕੇ ਤੈਨੂੰ

ਉਹਦੇ ਆਉਣ ਦਾ ਸੁਣ ਕੇ ਕਲੀਆਂ ਖਿੜ ਖਿੜ ਹੱਸਿਆਂ
ਖਾਰਾ ਪਾਣੀ ਮਿੱਠਾ ਹੋਇਆ ਸੋਚ ਕੇ ਤੈਨੂੰ

ਨ੍ਹੇਰੇ ਘੂਰਦੇ ਰਹਿ ਗਏ ਬੁਸ਼ਰਾ ਦੂਰ ਖਲੋਤੇ
ਸੂਰਜ ਨੇੜੇ ਆਣ ਖਲੋਇਆ ਸੋਚ ਕੇ ਤੈਨੂੰ