ਦੁੱਖਾਂ ਦੀ ਹੜਤਾਲ਼ ਏ ਅੱਜ ਕੱਲ੍ ਹੈਰਤ ਹੈ

ਦੁੱਖਾਂ ਦੀ ਹੜਤਾਲ਼ ਏ ਅੱਜ ਕੱਲ੍ ਹੈਰਤ ਹੈ
ਸੁਖ ਬਣਿਆ ਘੜਿਆਲ ਏ ਅੱਜ ਕੱਲ੍ ਹੈਰਤ ਹੈ

ਹਰ ਬੰਦੇ ਦੇ ਕੋਲ਼ ਏ ਹਾਸਾ ਹੱਸਣ ਲਈ
ਫ਼ੇਰ ਵੀ ਓਹ ਬੇਹਾਲ ਹੈ ਅੱਜ ਕੱਲ੍ ਹੈਰਤ ਹੈ

ਜਿਹੜਾ ਸਾਨੂੰ ਦੂਰੋਂ ਵੇਖ ਕੇ ਰਾਜ਼ੀ ਨਈਂ ਸੀ
ਓਹ ਵੀ ਸਾਡੇ ਨਾਲ਼ ਏ ਅੱਜ ਕੱਲ੍ ਹੈਰਤ ਹੈ

ਝੂਟਾ, ਲੁੱਚਾ ਹਰ ਥਾਂ ਸਭ ਤੋਂ ਉੱਚਾ ਹੈ
ਸੱਚ ਕਹਿਣਾ ਵੀ ਗਾਲ ਏ ਅੱਜ ਕੱਲ੍ ਹੈਰਤ ਹੈ

ਕੱਲ੍ ਤੱਕ ਦਾਲ਼ ਚਿ ਕਾਲ਼ਾ ਸੁਣਦੇ ਹੁੰਦੇ ਸੀ
ਕਾਲ਼ੀ ਸਾਰੀ ਦਾਲ਼ ਏ ਅੱਜ ਕੱਲ੍ ਹੈਰਤ ਹੈ

ਹਰ ਬੰਦੇ ਦੇ ਜ਼ਿਹਨ ਚਿ ਦੂਜੇ ਬੰਦੇ ਲਈ
ਪੁੱਠੀ ਸਿੱਧੀ ਚਾਲ ਏ ਅੱਜ ਕੱਲ੍ ਹੈਰਤ ਹੈ

ਮੈਂ ਕੱਲੀ ਨਈਂ ਰੋਂਦੀ ਖ਼ੂਨ ਦੇ ਰਿਸ਼ਤਿਆਂ ਨੂੰ
ਘਰ ਘਰ ਇਹੋ ਹਾਲ ਏ ਅੱਜ ਕੱਲ੍ ਹੈਰਤ ਹੈ

ਜਿਨੂੰ ਬੁਸ਼ਰਾ ਉਂਗਲੀ ਫੜ ਕੇ ਟੁਰਨਾ ਦੱਸਿਆ
ਉਹਦੀ ਅੱਖ ਚਿ ਦਾਲ਼ ਏ ਅੱਜ ਕੱਲ੍ ਹੈਰਤ ਹੈ