ਜੇ ਲਜਪਾਲ ਮੁਹੱਬਤ ਕਰੀਏ

ਜੇ ਲਜਪਾਲ ਮੁਹੱਬਤ ਕਰੀਏ
ਕਿਹਦੇ ਨਾਲ਼ ਮੁਹੱਬਤ ਕਰੀਏ

ਅੱਖਾਂ ਪਾੜ ਕੇ ਵੇਖੇ ਨੇ੍ਰਾ
ਬੱਤੀਆਂ ਬਾਲ ਮੁਹੱਬਤ ਕਰੀਏ

ਜਿਵੇਂ ਮਰਜ਼ੀ ਹਿਜਰ ਨਖੁਤਾ
ਮਗਰੋਂ ਟਾਲ਼ ਮੁਹੱਬਤ ਕਰੀਏ

ਅੱਖਾਂ ਮੀਟ ਕੇ ਨਫ਼ਰਤ ਉੱਤੇ
ਪਾ ਦੇ ਜਾਲ਼ ਮੁਹੱਬਤ ਕਰੀਏ

ਏਨਾਂ ਕਾਹਨੂੰ ਸੋਚੀ ਜਾਣਾ ਏਂ
ਦੇ ਮਿਸ ਕਾਲ਼ ਮੁਹੱਬਤ ਕਰੀਏ

ਵੇਖ ਲਵਾਂਗਾ ਜੋ ਹੋਵੇਗਾ
ਹੁਣ ਫ਼ਿੱਲਹਾਲ ਮੁਹੱਬਤ ਕਰੀਏ

ਐ ਵੀ ਮੈਨੂੰ ਆਪੇ ਦੱਸ ਦੇ
ਕਿੰਨੇ ਸਾਲ ਮੁਹੱਬਤ ਕਰੀਏ

ਸਾਹਵਾਂ ਦਾ ਇਤਬਾਰ ਨਈਂ ਬੁਸ਼ਰਾ
ਛੇਤੀ ਨਾਲ਼ ਮੁਹੱਬਤ ਕਰੀਏ