ਹੁਣ ਸਾੜ ਤਰੋੜਿਆ ਡੱਲ ਸਾਈਂ

ਹੁਣ ਸਾੜ ਤਰੋੜਿਆ ਡੱਲ ਸਾਈਂ
ਅਸੀਂ ਰੱਸੀ ਦੇ ਵਿਚ ਵੱਲ ਸਾਈਂ

ਹਿਕ ਦਰਿਆ ਵਾਂਗ ਸਮੁੰਦਰਾਂ ਦੇ
ਮਾਰੇ ਅੱਖੀਂ ਦੇ ਵਿਚ ਛਲ ਸਾਈਂ

ਕੁਝ ਇਹ ਜਿਹਾ ਬਲਦਾ ਰੇਤੜ ਹਾ
ਲਹਿ ਗਈ ਏ ਦਿਲ ਦੀ ਖੱਲ ਸਾਈਂ

ਹਿੱਕ ਵਾਰ ਅਸਾਡਾ ਆਖਿਆ ਮੰਨ
ਹਿੱਕ ਵਾਰ ਅਸਾਂ ਨਲ਼ ਰਲ ਸਾਈਂ

ਸਫ਼ਰਾਂ ਵਿਚ ਤੂੰ ਵੀ ਹਿੱਸਾ ਪਾ
ਦੋ ਚਾਰ ਕਦਮ ਤਾਂ ਚੱਲ ਸਾਈਂ

ਸਾਨੂੰ ਕੱਢ ਤਰਿਆਕਲ ਲੋਕਾਂ ਚੋਂ
ਕੋਈ ਆਪ ਸੁਨੇਹਾ ਘੱਲ ਸਾਈਂਂ

ਅੱਜਾਂ ਪੈਰ ਟੁਰਨ ਦੇ ਕਾਬਲ ਹਨ
ਕਿਉਂ ਰਸਤੇ ਹੋ ਗਏ ਸ਼ਲ ਸਾਈਂ

ਜਿਸ ਦਿਨ ਦਾ ਢਿਠਾ ਗ਼ਸ਼ ਖਾ ਕੇ
ਸਾਏ ਬੈਠਿਆਂ ਤਲੀਆਂ ਮਲ ਸਾਈਂ

ਹਵਾਲਾ: ਦਿਲ ਦੇ ਹੱਥ ਮੁਹਾਰ ( ਹਵਾਲਾ ਵੇਖੋ )