ਸੁਣਿਆ ਸੀ ਮੈਂ ਜ਼ਖ਼ਮ ਦਿਲਾਂ ਦੇ

ਸੁਣਿਆ ਸੀ ਮੈਂ ਜ਼ਖ਼ਮ ਦਿਲਾਂ ਦੇ, ਨਾਲ਼ ਮੁਹੱਬਤ ਭਰ ਜਾਂਦੇ ਨੇਂ
ਇਕ ਮੁਸਕਾਨ ਮਿਲੇ ਤਾਂ, ਡੁੱਬਦੇ, ਪੱਥਰ ਚਿੱਤ ਵੀ ਤਰ ਜਾਂਦੇ ਨੇਂ

ਇੱਕ ਅੱਧ ਰਿਸ਼ਮ ਉਧਾਰੀ ਦੇ ਦੇ, ਉਸ ਨੂੰ ਮੈਂ ਹਥਿਆਰ ਬਣਾਵਾਂ,
ਕਾਲਕ ਦੇ ਵੰਜਾਰੇ ਨ੍ਹੇਰੇ, ਜੁਗਨੂੰ ਤੋਂ ਵੀ ਡਰ ਜਾਂਦੇ ਨੇਂ

ਕੁੱਝ ਸਾਹਵਾਂ ਦੀ ਸਾਂਝੀ ਧੜਕਣ, ਜ਼ਿੰਦਗੀ ਹੈ ਰੰਗਾਂ ਦਾ ਮੇਲਾ
ਬੇਕਦਰੇ, ਕੁਝ ਲੋਕ ਪਤਾ ਨਹੀਂ, ਕਿਉਂ ਬਦਰੰਗੀ ਕਰ ਜਾਂਦੇ ਨੇਂ

ਮਹਿੰਗੀ ਵਸਤ ਪਿਆਰ ਦੀ ਪੂੰਜੀ, ਮੁਫ਼ਤ ਮਿਲਣ ਤੇ ਜੋ ਨਾ ਮਾਨਣ,
ਜ਼ਿੰਦਗੀ ਦੀ ਰਣਭੂਮੀ ਵਿਚ ਉਹ, ਜਿੱਤੀ ਬਾਜ਼ੀ ਹਰ ਜਾਂਦੇ ਨੇਂ

ਬਾਜ਼ ਭਰੇ ਪਰਵਾਜ਼ ਕਦੇ ਨਾ, ਦਾਣਾ ਦੁੰਕਾ ਖਾਣ ਦੀ ਖ਼ਾਤਿਰ
ਅੰਬਰ ਪਾਰ ਕਰਨ ਲਈ ਉਸ ਨੂੰ, ਲੈ ਕੇ ਹਿੰਮਤੀ ਪਰ ਜਾਂਦੇ ਨੇਂ

ਮੇਰੇ ਤੇਰੇ ਵਰਗੇ ਸਾਰੇ, ਅਣ ਦੇ ਕੀੜੇ ਜਾਣ ਨਾ ਸਕਦੇ,
ਬਾਬਾ ਦੀਪ ਸਣਾ ਦੇ ਹਾਣੀ, ਸੀਸ ਤਲ਼ੀ ਕਿੰਜ ਧਰ ਜਾਂਦੇ ਨੇਂ

ਦੋ ਵਾਰੀ ਇੱਕ ਸਾਲ ਚ ਤਕੀਏ, ਆਜ਼ਾਦੀ ਦਾ ਨੂਰੀ ਮੁਖੜਾ,
ਬਾਕੀ ਤਿੰਨ ਸੌ ਤਰੇਠ ਦਿਹਾੜੇ, ਬਦਲ ਪਰਦਾ ਕਰ ਜਾਂਦੇ ਨੇਂ

ਹਵਾਲਾ: ਰਾਵੀ, ਗੁਰਭਜਨ ਗਿੱਲ; ਸਾਂਝ ਲਾਹੌਰ; ਸਫ਼ਾ 35 ( ਹਵਾਲਾ ਵੇਖੋ )